View in English:
April 19, 2024 11:17 am

ਨੈਸ਼ਨਲ ਗਤਕਾ ਐਸੋਸੀਏਸ਼ਨ ਟੀਮਾਂ ਦਿਖਾਉਣਗੀਆਂ ਪ੍ਰਤਿਭਾ ਦੇ ਜ਼ੋਹਰ : ਗਰੇਵਾਲ

ਫੈਕਟ ਸਮਾਚਾਰ ਸੇਵਾ

ਕੋਟਕਪੂਰਾ, ਦਸੰਬਰ 4

ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਜਿਲਾ ਗਤਕਾ ਐਸੋਸੀਏਸ਼ਨ ਆਫ ਫਰੀਦਕੋਟ ਦੀ ਅਗਵਾਈ ਹੇਠ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਤਿੰਨ ਰੋਜਾ ਦਸਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਲੜਕੀਆਂ ਦੀ ਦੂਜੇ ਦਿਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਅੱਜ ਗਤਕਾ ਕਲਾ ਕੌਮਾਂਤਰੀ ਖੇਡ ਬਣ ਚੁੱਕੀ ਹੈ। ਜਥੇਬੰਦੀ ਵੱਲੋਂ ਜਲਦ ਹੀ ਝਾਰਖੰਡ ਵਿਖੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੀਆਂ ਟੀਮਾਂ ਇੰਟਰਨੈਸ਼ਨਲ (ਸੰਸਾਰ ਪੱਧਰ) ’ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ।

ਉਹਨਾਂ ਗੁਰਇਤਿਹਾਸ, ਭਾਰਤੀ ਸੱਭਿਆਚਾਰ, ਸਿੱਖ ਵਿਰਾਸਤ, ਰਵਾਇਤੀ ਕਲਾ, ਸਿੱਖ ਸ਼ਸ਼ਤਰ ਵਿੱਦਿਆ ਵਰਗੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਕਿਹਾ ਕਿ ਜਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਕੁਲਤਾਰ ਸਿੰਘ ਬਰਾੜ ਸਮੇਤ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ, ਕਿਉਂਕਿ ਅੱਜ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਰੱਖਣ ਲਈ ਗਤਕਾ ਐਸੋਸੀਏਸ਼ਨ ਆਪਣਾ ਵਧੀਆ ਯੋਗਦਾਨ ਪਾ ਰਹੀ ਹੈ। ਉਹਨਾਂ ਗਤਕਾ ਟੀਮਾ ਵਿੱਚ ਸ਼ਾਮਲ ਲੜਕੇ-ਲੜਕੀਆਂ ਲਈ ਸਕਾਲਰਸ਼ਿਪ ਅਤੇ ਰੁਜਗਾਰ ਦੇ ਮੌਕਿਆਂ ਬਾਰੇ ਵੀ ਵਿਸਥਾਰ ਵਿੱਚ ਜਿਕਰ ਕੀਤਾ। ਆਪਣੇ ਸੰਬੋਧਨ ਦੌਰਾਨ ਜ਼ਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ, ਬਾਬਾ ਜਤਿੰਦਰ ਸਿੰਘ ਹਜੂਰ ਸਾਹਿਬ, ਭੈਣ ਮਨਜੀਤ ਕੌਰ ਨਾਨਕਸਰ ਕਲੇਰ ਸਮੇਤ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਭਰ ਦੇ ਲਗਭਗ ਸਾਰੇ ਜਿਲਿਆਂ ਨਾਲ ਸਬੰਧਤ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚੋਂ 400 ਦੇ ਲਗਭਗ ਲੜਕੀਆਂ ਸ਼ਮੂਲੀਅਤ ਕਰ ਰਹੀਆਂ ਹਨ। ਸਰਪ੍ਰਸਤ ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੌਕਰ ਵਲੋਂ ਇਸ ਕਾਲਜ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਬਾਰੇ ਜਥੇਬੰਦੀ ਵਲੋਂ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਅੰਤ ਵਿੱਚ ਦੂਜੇ ਦਿਨ ਦੀਆਂ ਜੇਤੂ ਟੀਮਾ ਨੂੰ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸਨਮਾਨਿਤ ਵੀ ਕੀਤਾ ਗਿਆ। ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਰੈਫਰੀ ਅਤੇ ਕੁਮੈਂਟਰੀ ’ਚ ਕ੍ਰਮਵਾਰ ਨਰਿੰਦਰਪਾਲ ਸਿੰਘ ਪਾਰਸ, ਤਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਯੋਗਰਾਜ ਸਿੰਘ, ਇੰਦਰਜੀਤ ਸਿੰਘ, ਸ਼ੈਰੀ ਸਿੰਘ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਕਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਦੀਪ ਸਿੰਘ, ਸੰਦੀਪ ਪਾਲ ਸਿੰਘ, ਵਿਕਰਮਜੀਤ ਸਿੰਘ, ਤੇਜਿੰਦਰ ਸਿੰਘ, ਵੀਰਪਾਲ ਕੌਰ, ਅਰਸ਼ਦੀਪ ਕੌਰ, ਕਰਮਦੀਪ ਕੌਰ ਅਤੇ ਗੁਰਦੇਵ ਸਿੰਘ ਸ਼ੰਟੀ ਆਦਿ ਦਾ ਪੂਰਨ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ ਖੀਵਾ, ਗੁਰਪ੍ਰੀਤ ਸਿੰਘ ਕਾਕਾ, ਵਰਿੰਦਰ ਕਟਾਰੀਆ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

View in English