View in English:
April 19, 2024 9:07 am

ਕੈਬਨਿਟ ਮੰਤਰੀ ਜਿੰਪਾ ਨੇ ਪਿੰਡਾਂ ਨੂੰ ਸਵੱਛ ਤੇ ਹਰਿਆ-ਭਰਿਆ ਰੱਖਣ ਦਾ ਦਿੱਤਾ ਸੱਦਾ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਅਕਤੂਬਰ 3

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਹਰੇਕ ਪਿੰਡ ਨੂੰ ਸਾਫ਼-ਸੁਥਰਾ ਅਤੇ ਮਾਡਲ ਪਿੰਡ ਬਣਾਉਣਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹੇ ਵਿਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 15 ਸਤੰਬਰ ਤੋਂ ਚੱਲੇ ਸਵੱਛਤਾ ਪਖਵਾੜੇ ਦੀ ਸਮਾਪਤੀ ਮੌਕੇ ਪਿੰਡ ਅੱਜੋਵਾਲ ਵਿਖੇ ਪਿੰਡ ਵਾਸੀਆਂ ਨਾਲ ਖੁਦ ਸਫ਼ਾਈ ਕਰਨ ਅਤੇ ਬੂਟੇ ਲਗਾਉਣ ਮੌਕੇ ਕੀਤਾ। ਪਿੰਡਾਂ ਨੂੰ ਸਵੱਛ ਤੇ ਹਰਿਆ-ਭਰਿਆ ਰੱਖਣ ਤੋਂ ਇਲਾਵਾ ਉਨ੍ਹਾਂ ਪਿੰਡਾਂ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਘਰ ਵਿਚ ਗਿੱਲੇ ਕੂੜੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਇਸ ਤੋਂ ਖਾਦ ਤਿਆਰ ਕਰਕੇ ਇਸ ਨੂੰ ਯੋਗ ਵਰਤੋਂ ਵਿਚ ਲਿਆਂਦਾ ਜਾ ਸਕੇ ਅਤੇ ਕੂੜੇ ਦੀ ਮਿਕਦਾਰ ਨੂੰ ਘਟਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਵਿਚ ਵੀ ਵਾਟਰ ਵਰਕਸਾਂ ਅਤੇ ਹੋਰਨਾਂ ਖਾਲੀ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਣ ਸਵੱਛ ਅਤੇ ਹਰਿਆ-ਭਰਿਆ ਰਹਿ ਸਕੇ ਅਤੇ ਬਿਮਾਰੀਆਂ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪੂਰਾ ਸਾਲ ਚਾਲੂ ਰੱਖਿਆ ਜਾਵੇਗਾ, ਤਾਂ ਜੋ ਸਮੂਹ ਪਿੰਡ ਇਸ ਨੂੰ ਅਪਣਾ ਕੇ ਸਾਫ਼ ਤੇ ਸਵੱਛ ਬਣ ਸਕਣ। ਉਨ੍ਹਾਂ ਦੱਸਿਆ ਕਿ ਜਲ ਜੀਵਨ ਮਿਸ਼ਨ ਅਤੇ ਸਵੱਛਤਾ ਮੁਹਿੰਮ ਨੂੰ ਜੋੜਦਿਆਂ ਪਿੰਡਾਂ ਦੇ ਹਰੇਕ ਘਰ ਵਿਚ ਪਖਾਨੇ ਦਾ ਇੰਤਜ਼ਾਮ ਕਰਨ ਤੋਂ ਇਲਾਵਾ ਕਮਿਊਨਿਟੀ ਪਖਾਨੇ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਸਵੱਛ ਭਾਰਤ ਗ੍ਰਾਮੀਣ ਮਿਸ਼ਨ-2 ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਸੂਬੇ ਦੇ ਸਾਰੇ ਪਿੰਡਾਂ ਵਿਚ ਠੋਸ ਅਤੇ ਤਰਲ ਰਹਿੰਦ-ਖੂਹੰਦ ਦੇ ਪ੍ਰਬੰਧਨ ਦਾ ਸੁਚੱਜਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਚ 2025 ਤੱਕ ਹਰੇਕ ਪਿੰਡ ਨੂੰ ਓ.ਡੀ.ਐਫ. ਪਲੱਸ ਐਲਾਨਣ ਲਈ ਯਤਨ ਤੇਜ ਕਰ ਦਿੱਤੇ ਗਏ ਹਨ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਮੈਡਮ ਸੁਮਨ ਬਹਿਲ, ਸਤਵੰਤ ਸਿੰਘ ਸਿਆਣ, ਸੁਮੇਸ਼ ਸੋਨੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸਿਮਰਨਜੀਤ ਸਿੰਘ, ਬੀ.ਡੀ.ਪੀ.ਓ. ਮਹੇਸ਼ ਕੁਮਾਰ, ਐਸ.ਡੀ.ਓ. ਨਵਨੀਤ ਜਿੰਦਲ, ਜੇ.ਈ. ਗੁਰਪ੍ਰੀਤ ਸਿੰਘ, ਸਰਪੰਚ ਸਤਿੰਦਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

View in English