ਪੰਜਾਬ

ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ, ਅਕਤੂਬਰ 04

ਉਤਰ ਪ੍ਰਦੇਸ਼ ਦੇ ਜ਼ਿਲਾ ਲਖੀਮਪੁਰ ਖੀਰੀ ਵਿੱਚ ਸਰਕਾਰੀ ਸ਼ਹਿ ‘ਤੇ ਕੀਤੇ ਗਏ ਕਿਸਾਨਾਂ ਦੇ ਕਤਲ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਨੇ ਜ਼ੁਲਮ ਦੀ ਹੱਦ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਾਨ ਨੇ ਕਿਹਾ ਕਿ ਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਦੋਸ਼ੀ ਬੇਟੇ ਅਸ਼ੀਸ਼ ਮਿਸ਼ਰਾ ਨੇ ਕੇਂਦਰੀ ਅਤੇ ਉਤਰ ਪ੍ਰਦੇਸ਼ ਸਰਕਾਰਾਂ ਦੀ ਸੁਰੱਖਿਆ ਲੈ ਕੇ ਦੇਸ਼ ਦੇ ਅੰਨਦਾਤਾ ਨੂੰ ਕੁਚਲਿਆ ਹੈ, ਇਸ ਲਈ ਅਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਅਤੇ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਸ਼ੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਭਗਵੰਤ ਮਾਨ ਨੇ ਸਵਾਲ ਕੀਤਾ, ”ਜਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਧੀਨ ਪੁਲੀਸ ਹੋਵੇ ਅਤੇ ਉਸੇ ਦਾ ਪੁੱਤ ਕਿਸਾਨਾਂ ਦੇ ਕਤਲ ਵਿੱਚ ਸ਼ਾਮਲ ਹੋਵੇ, ਤਾਂ ਇਸ ਤੋਂ ਵੱਡੀ ਸਰਕਾਰੀ ਗੁੰਡਾਗਰਦੀ ਕੀ ਹੋ ਸਕਦੀ ਹੈ? ਉਨਾਂ ਕਿਹਾ ਕਿ ਇਹ ਸਵਾਲ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਪੁੱਛਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਰੀਬ 700 ਕਿਸਾਨ ਸ਼ਹੀਦ ਹੋ ਚੁੱਕੇ ਹਨ। ਬਾਵਜੂਦ ਇਸ ਦੇ ਕੇਂਦਰ ਦੀ ਮੋਦੀ ਸਰਕਾਰ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਜੇ ਵੀ ਕਿਸਾਨਾਂ ਦੇ ਖੂਨ ਦੀ ਪਿਆਸੀ ਹੈ। ਭਾਜਪਾ ਆਗੂਆਂ ਨਾਲ ਹੁਣ ਉਨਾਂ ਦੇ ਧੀਆਂ ਪੁੱਤ ਵੀ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਮਾਰਨ ਲੱਗੇ ਹੋਏ ਹਨ। ਉਨਾਂ ਕਿਹਾ ਦੇਸ਼ ਦੇ ਅੰਨਦਾਤਾ ਦੇ ਨਿਰਦਈ ਕਤਲਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਤਰ ਪ੍ਰਦੇਸ਼ ਅਤੇ ਦੇਸ਼ ਵਿੱਚ ਲੋਕਤੰਤਰ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਡੰਡਾ ਅਤੇ ਗੋਲੀ ਤੰਤਰ ਵਾਲਾ ਗੁੰਡਾਰਾਜ ਹੈ। ਸੰਸਦ ਮੈਂਬਰ ਨੇ ਕਿਸਾਨਾਂ ਦੇ ਕਤਲ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ”ਸੱਤਾਧਾਰੀ ਆਮ ਲੋਕਾਂ ਨੂੰ ਕੀੜੇ- ਮਕੌੜੇ ਸਮਝ ਰਹੇ ਹਨ। ਲਖੀਮਪੁਰ ਖੀਰੀ ‘ਚ ਕਿਸਾਨਾਂ ਦੇ ਕਤਲ ਤੋਂ ਬਾਅਦ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ, ਵਿਰੋਧੀ ਧਿਰਾਂ ਦੇ ਆਗੂਆਂ ਅਤੇ ਹੋਰਨਾਂ ਨੂੰ ਘਟਨਾ ਸਥਾਨ ‘ਤੇ ਨਹੀਂ ਜਾਣ ਦਿੱਤਾ ਗਿਆ ਅਤੇ ਲਖੀਮਪੁਰ ਖੀਰੀ ਨੂੰ ਸੀਲ ਕਰਕੇ ਉਥੇ ਇੰਟਰਨੈਟ ਸੇਵਾ ਬੰਦ ਕੀਤੀ ਗਈ। ਇਹ ਸਾਰਾ ਵਰਤਾਰਾ ਮਾਨਵਤਾ ਤੇ ਲੋਕਤੰਤਰ ਵਿਰੋਧੀ ਅਤੇ ਜ਼ੁਲਮ ਦਾ ਸਿਖ਼ਰ ਹੈ।” ਮਾਨ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਜਿਨਾਂ ਲੋਕਾਂ ਨੇ ਕਿਸਾਨਾਂ ‘ਤੇ ਗੱਡੀਆਂ ਚੜਾ ਕੇ ਅਤੇ ਗੋਲੀਆ ਚਲਾ ਕੇ ਲੋਕਾਂ ਨੂੰ ਉਕਸਾਇਆ, ਉਨਾਂ ਲੋਕਾਂ ਖ਼ਿਲਾਫ਼ ਹੱਤਿਆ ਦੀ ਧਾਰਾ 302 ਤੋਂ ਘੱਟ ਦੀ ਕੋਈ ਵੀ ਕਾਰਵਾਈ ਮਨਜ਼ੂਰ ਨਹੀਂ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਕੇਵਲ ਆਪਣੇ ਮਨ ਦੀ ਗੱਲ ਕਰਦੇ ਹਨ, ਪਰ ਦੇਸ਼ਵਾਸੀਆਂ ਦੇ ਮਨ ਦੀ ਗੱਲ ਕਦੇ ਨਹੀਂ ਸੁਣਦੇ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸਰਕਾਰੀ ਕਤਲ ਦੇ ਇਸ ਗੰਭੀਰ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਯੂ.ਐਨ.ਓ ਅਤੇ ਹੋਰਨਾਂ ਮੰਚਾਂ ‘ਤੇ ਜ਼ਰੂਰ ਚੁੱਕਣ।