ਪੰਜਾਬ

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਐੱਨ ਟੀ ਐੱਸ ਈ ਦੇ ਪੇਪਰਾਂ ਦੇ ਸੰਬੰਧੀ ਕੀਤੀ ਵਰਚੁਅਲ ਮੀਟਿੰਗ 

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਮਈ 27

ਮਾਨਯੋਗ ਸਿੱਖਿਆ ਮੰਤਰੀ  ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ  ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੇ ਯਤਨਾਂ ਸਦਕਾ ਵਿਦਿਆਰਥੀਆਂ ਦੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮੇਂ ਸਮੇਂ ਤੇ ਕਾਰਗੁਜ਼ਾਰੀ ਟੈਸਟ ਲਏ ਜਾਂਦੇ ਹਨ।ਐੱਨ.ਟੀ.ਐੱਸ.ਈ. ਦੇ ਪੇਪਰ ਦੀ ਤਿਆਰੀ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ ਤਿਰਲੋਚਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹੇ ਦੇ ਡੀ ਐੱਮ, ਰਿਸੋਰਸ ਪਰਸਨ ਅਤੇ ਵੱਖ ਵੱਖ ਸਕੂਲਾਂ ਵੱਲੋਂ ਨਿਯੁਕਤ ਐੱਨਟੀਐੱਸਈ ਨੋਡਲ ਇੰਚਾਰਜਾਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ।

 ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਗੌਤਮ ਗੌਡ਼ ਨੇ ਦੱਸਿਆ ਕਿ ਬੱਚਿਆਂ ਨੂੰ ਸਿਖਲਾਈ ਦੇਣ ਲਈ ਰਿਸੋਰਸ ਪਰਸਨ ਨਿਯੁਕਤ ਕੀਤੇ ਗਏ ਹਨ।ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਸਕੂਲ ਅੰਦਰ ਇਕ ਐੱਨਟੀਐੱਸਈ ਦਾ ਨੋਡਲ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਬਲਾਕ ਵਾਈਜ਼ 8 ਵ੍ਹੱਟਸਐਪ ਗਰੁੱਪ ਬਣਾ ਦਿੱਤੇ ਗਏ ਹਨ।ਇਨ੍ਹਾਂ ਵ੍ਹੱਟਸਐਪ ਗਰੁੱਪਾਂ ਵਿੱਚ  ਰਿਸੋਰਸ ਪਰਸਨ, ਸਕੂਲਾਂ ਦੇ ਐਨਟੀਐਸਈ ਦੇ ਨੋਡਲ ਇੰਚਾਰਜ ਅਤੇ ਲਗਭਗ ਅਠਾਰਾਂ ਸੌ ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਕਰਵਾ ਦਿੱਤੀ ਗਈ ਹੈ।ਡਾ ਸਿੱਧੂ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ 31 ਮਈ ਨੂੰ ਹੋਣ ਵਾਲੇ ਬੇਸ ਟੈਸਟ ਵਿਚ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਹਾ ਲੈ ਸਕਣ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ ਸਿੱਧੂ ਨੇ ਦੱਸਿਆ ਕਿ ਟੈਸਟ ਦੌਰਾਨ ਟਾਈਮਰ ਲੱਗਿਆ ਹੋਵੇਗਾ ਅਤੇ ਵਿਦਿਆਰਥੀ ਇਸ ਗੱਲ ਦਾ ਤਿਆਰ ਰੱਖਣ ਤਾਂ ਜੋ ਸਮੇਂ ਸਿਰ ਟੈਸਟ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਬ੍ਰਿਜਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਬੇਸਲਾਈਨ ਟੈਸਟ ਤੋਂ ਬਾਅਦ ਇੱਕ ਜੂਨ ਨੂੰ ਵਿਦਿਆਰਥੀਆਂ ਦੀ ਸਿਖਲਾਈ ਸ਼ੁਰੂ ਹੋ ਜਾਵੇਗੀ ਜੋ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਦਿੱਤੀ ਜਾਵੇਗੀ। ਐੱਨ ਟੀ ਐਸ ਈ ਪੇਪਰ ਦੀਆਂ ਕਲਾਸਾਂ ਸੰਬੰਧੀ ਟਾਈਮ ਟੇਬਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਡੀ ਐਮ ਸਾਇੰਸ ਨਰੇਸ਼ ਕੁਮਾਰ,ਜ਼ਿਲ੍ਹਾ ਡੀ ਐਮ ਗਣਿਤ ਅਸ਼ੋਕ ਕੁਮਾਰ ਧਮੀਜਾ ਅਤੇ ਜ਼ਿਲ੍ਹੇ ਦੇ ਵੱਖ ਵੱਖ  ਬੀ ਐੱਮ ਮੌਜੂਦ ਸਨ|