ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦਾ 100 ਫੀਸਦ ਲਾਭ ਪੁਜਦਾ ਕਰਨ ਲਈ ਵਿੱਢੀ ਮੁਹਿੰਮ

ਫ਼ੈਕ੍ਟ ਸਮਾਚਾਰ ਸੇਵਾ ਗੁਰਦਾਸਪੁਰ, ਜੁਲਾਈ 5

ਜ਼ਿਲੇ ਅੰਦਰ ਸਮਾਜਿਕ ਸੁਰੱਖਿਆ ਸਕੀਮਾਂ ਦਾ 100 ਫੀਸਦ ਲਾਭ, ਯੋਗ ਲਾਭਪਾਤਰੀਆਂ ਨੂੰ ਦੇਣ ਦੇ ਮੰਤਵ ਨਾਲ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ ਅਤੇ ਘਰ-ਘਰ ਜਾ ਕੇ ਸਕੀਮ ਦਾ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੋਰਾਨ ਦਿੱਤੀ। ਇਸ ਮੋਕੇ ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ ਅਤੇ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਵੀ ਮੋਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਅਤੇ ਅਪੰਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ 100 ਫੀਸਦ ਲਾਭ ਦੇਣ ਲਈ ਪਹਿਲੇ ਪੜਾਅ ਤਹਿਤ ਜਿਲੇ ਦੇ ਪੰਜ ਪਿੰਡਾਂ ਵਿਚ ਇਹ ਮੁਹਿੰਮ ਚਲਾਈ ਜਾਵੇਗੀ। ਪਿੰਡ ਖੁੰਡੀ ਤੇ ਅੋਗਰਾ (ਬਲਾਕ ਦੋਰਾਂਲਾ), ਕਾਜਮਪੁਰ (ਬਲਾਕ ਸ੍ਰੀ ਹਰਗੋਬਿੰਦਪੁਰ ਅਤੇ ਪਿੰਡ ਦੁੱਲਾ ਨੰਗਲ ਅਤੇ ਭੋਜਰਾਜ (ਬਲਾਕ ਧਾਰੀਵਾਲ) ਵਿਖੇ ਉਪਰੋਕਤ ਸਕੀਮਾਂ ਦਾ 100 ਫੀਸਦ ਲਾਭ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ੁੱਕਰਵਾਰ 9 ਜੁਲਾਈ ਤਕ ਉਪਰੋਕਤ 05 ਪਿੰਡਾਂ ਅੰਦਰ ਦੱਸੀਆਂ ਗਈਆਂ ਸਕੀਮਾਂ ਦਾ 100 ਫੀਸਦ ਲਾਭ ਦੇਣ ਲਈ ਘਰ-ਘਰ ਮੁਹਿੰਮ ਵਿੱਢਣ ਅਤੇ ਜਿਨਾਂ ਯੋਗ ਲੋਕਾਂ ਨੂੰ ਇਨਾਂ ਸਕੀਮਾਂ ਦਾ ਲਾਭ ਅਜੇ ਤਕ ਨਹੀਂ ਮਿਲਿਆ, ਉਨਾਂ ਨੂੰ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਉਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਨਾਂ ਸਕੀਮਾਂ ਦਾ 100 ਫੀਸਦ ਲਾਭ ਪੁਜਦਾ ਕਰਨ ਲਈ ਇਹ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਕੋਈ ਵੀ ਯੋਗ ਵਿਅਕਤੀ ਲਾਭ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਇਨਾਂ ਪੰਜ ਪਿੰਡਾਂ ਵਿਚ 100 ਫੀਸਦ ਲਾਭ ਦੇਣ ਉਪਰੰਤ ਅਗਲੇ ਪੜਾਅ ਵਿਚ 10 ਹੋਰ ਪਿੰਡਾਂ ਅੰਦਰ 100 ਫੀਸਦ ਲਾਭ ਦੇਣ ਲਈ ਮੁਹਿੰਮ ਚਲਾਈ ਜਾਵੇਗੀ ਤੇ ਇਸੇ ਤਰਾਂ ਜਿਲੇ ਅੰਦਰ ਸਾਰੇ ਪਿੰਡਾਂ ਅੰਦਰ 100 ਫੀਸਦ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਅੱਗੇ ਕਿਹਾ ਕਿ ਇਨਾਂ ਸਕੀਮਾਂ ਦੇ ਨਾਲ-ਨਾਲ ਯੋਗ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਅਤੇ ਹੋਰ ਚੱਲ ਰਹੀਆਂ ਸਕੀਮਾਂ ਦਾ ਲਾਭ ਦੇਣ ਲਈ ਵੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਯੋਗ ਲਾਭਪਾਤਰੀ , ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫਾਇਦਾ ਲੈ ਸਕਣ।

ਇਸ ਮੌਕੇ ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਉਪਰੋਕਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ ਅਤੇ ਜੇਕਰ ਕਿਸੇ ਯੋਗ ਲਾਭਪਾਤਰੀ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨਾਂ ਦੇ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦਾ ਹੈ।

More from this section