ਪੰਜਾਬ

ਹੁਣ ਰੋਜਾਨਾ ਦੁਪਹਿਰ 12 ਤੋਂ ਅਗਲੀ ਸਵੇਰ 6 ਵਜੇ ਤੱਕ ਕਰਫਿਊ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਮਈ 8
ਜ਼ਿਲਾ ਮੈਜਿਸਟ੍ਰੇਟ  ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਦੁਕਾਨਾਂ ਖੋਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਕਰਨ ਦੇ ਨਾਲ ਨਾਲ ਕਰਫਿਊ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ ਅਤੇ ਕਈ ਹੋਰ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਫਾਜ਼ਿਲਕਾ ਜ਼ਿਲੇ ਦੀ ਹਦੂਦ ਅੰਦਰ ਮਿਤੀ 10 ਤੋਂ 23 ਮਈ 2021 ਤੱਕ ਲਾਗੂ ਰਹਿਣਗੀਆਂ ਅਤੇ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਲਾ ਮੈਜਿਸਟ੍ਰੇਟ  ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਜਾਰੀ ਹੁਕਮ ਅਨੁਸਾਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਮਿਠਾਈ, ਬੇਕਰੀ, ਕੰਨਫੈਕਸ਼ਨਰੀ ਸ਼ਾਪ, ਦੁੱਧ, ਬ੍ਰੈਡ, ਸਬਜੀਆਂ, ਫਲਾਂ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਆਂਡੇ, ਮੀਟ, ਮੱਛੀ ਨਾਲ ਸਬੰਧਤ ਉਤਪਾਦ, ਅਖ਼ਬਾਰਾਂ ਦੀ ਸਪਲਾਈ, ਪਸ਼ੂਆਂ ਦੇ ਚਾਰੇ ਦੀ ਸਪਲਾਈ ਅਤੇ ਪੀਣ ਦੇ ਪਾਣੀ ਦੀ ਸਪਲਾਈ ਨਾਲ ਸਬੰਧਤ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਖੁੱਲ ਸਕਣਗੀਆਂ। ਇਸ ਤੋਂ ਬਿਨਾਂ ਬਾਕੀ ਸਾਰੀਆਂ ਗੈਰ ਜਰੂਰੀ ਸਮਾਨ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣਗੀਆਂ। ਰੈਸਟੋਰੈਂਟ, ਹੋਟਲ, ਕੈਫੇ, ਕੋਫੀ ਸ਼ਾਪ, ਫਾਸਟਫੂਟ ਆਉਟਲੇਟ, ਢਾਬੇ ਆਦਿ ਸਿਰਫ ਹੋਮ ਡਲੀਵਰੀ ਕਰ ਸਕਣਗੇ ਅਤੇ ਸਵੇਰੇ 6 ਤੋਂ ਦੁਪਹਿਰ ਬਾਅਦ 2 ਵਜੇ ਤੱਕ ਖੁੱਲਣਗੇ। ਇੱਥੇ ਬੈਠਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ। ਇਸ ਤੋਂ ਬਿਨਾ ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਉਹ ਸਾਰੇ ਅਦਾਰੇ ਜੋ ਕਿ ਦਵਾਈਆਂ ਅਤੇ ਮੈਡੀਕਲ ਸਮਾਨ ਦੀ ਸਪਲਾਈ ਜਾਂ ਉਤਪਾਦਨ ਕਰਦੇ ਹਨ, ਪੈਟਰੋਲ ਡੀਜਲ ਪੰਪ, ਸਮਾਨ ਦੀ ਢੋਆਢੁਆਈ ਨੂੰ ਸੱਤੋਂ ਦਿਨ 24 ਘੰਟੇ ਛੋਟ ਹੋਵੇਗੀ ਪਰ ਉਨਾਂ ਦੇ ਨਾਲ ਸਬੰਧਤ ਵਿਅਕਤੀਆਂ ਨੂੰ ਆਪਣਾ ਪਹਿਚਾਣ ਪੱਤਰ ਵਿਖਾਉਣਾ ਲਾਜਮੀ ਹੋਵੇਗਾ। ਇਸ ਤੋਂ ਬਿਨਾਂ ਕੰਬਾਇਨਾਂ ਨੂੰ ਖੇਤ ਵਿਚ ਚਲਾਉਣ, ਕਣਕ ਖਰੀਦ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਨਿਰਮਾਣ ਕਾਰਜਾਂ ਨੂੰ ਸਾਰੇ ਦਿਨ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਛੋਟ ਹੋਵੇਗੀ। ਹਫਤਾਵਾਰੀ ਕਰਫਿਊ ਸੁੱਕਰਵਾਰ ਦੁਪਹਿਰ 12 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤੱਕ ਪੂਰੇ ਜ਼ਿਲੇ ਵਿਚ ਲਾਗੂ ਰਹੇਗਾ। ਇਸ ਤੋਂ ਬਿਨਾਂ ਕਿਸੇ ਵੀ ਮਾਰਗ ਜਾਂ ਸਾਧਨ ਰਾਹੀਂ ਜ਼ਿਲੇ ਵਿਚ ਦਾਖਲ ਹੋਣ ਵਾਲੇ ਵਿਅਕਤੀ ਨੂੰ ਕੋਵਿਡ ਨੈਗੇਟਿਵ ਰਿਪੋਰਟ ਦੇਣੀ ਹੋਵੇਗੀ ਜੋ ਕਿ 72 ਘੰਟੋ ਤੋਂ ਵੱਧ ਪੁਰਾਣੀ ਨਾ ਹੋਵੇ ਜਾਂ ਉਸਨੂੰ ਦੋ ਹਫਤੇ ਪਹਿਲਾਂ ਲੱਗੇ ਕੋਵਿਡ ਵੈਕਸੀਨ ਦਾ ਸਰਟੀਫਿਕੇਟ ਦੇਣਾ ਹੋਵੇਗਾ। ਇਸੇ ਤਰਾਂ ਸਾਰੇ ਸਰਕਾਰ ਦਫ਼ਤਰ ਅਤੇ ਬੈਂਕ 50 ਫੀਸਦੀ ਸਟਾਫ ਨਾਲ ਕੰਮ ਕਰਣਗੇ ਪਰ ਇਹ ਹੁਕਮ ਕੋਵਿਡ ਪ੍ਰਬੰਧਨ ਵਿਚ ਲੱਗੇ ਵਿਭਾਗਾਂ ਦੇ ਲਾਗੂ ਨਹੀਂ ਹੋਵੇਗਾ। ਬੈਂਕਾਂ ਵਿਚ ਪਬਲਿਕ ਡੀਿਗ 9 ਤੋਂ 12 ਵਜੇ ਤੱਕ ਹੀ ਹੋ ਸਕੇਗੀ ਹਾਲਾਂਕਿ ਬੈਂਕ ਸਟਾਫ 9 ਤੋਂ 1 ਵਜੇ ਸੋਮਵਾਰ ਤੋਂ ਸ਼ੁਕਰਵਾਰ ਤੱਕ ਬੈਂਕ ਵਿਚ ਹਾਜਰ ਰਹਿ ਸਕਦਾ ਹੈ। ਇਸੇ ਤਰਾਂ ਚਾਰ ਪਹੀਆ ਵਾਹਨ ਵਿਚ ਦੋ ਯਾਤਰੀ ਹੀ ਬੈਠਾਉਣ ਦੀ ਆਗਿਆ ਹੋਵੇਗੀ ਅਤੇ ਦੋ ਪਹੀਆਂ ਵਾਹਨ ਤੇ ਦੂਸਰੀ ਸਵਾਰੀ ਤਾਂ ਹੀ ਬਿਠਾਈ ਜਾ ਸਕਦੀ ਹੈ ਜੇਕਰ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਹੋਵੇ ਅਤੇ ਇਕੋ ਘਰ ਵਿਚ ਰਹਿੰਦੇ ਹੋਵੋ। ਵਿਆਹ, ਸੰਰਧਾਂਜਲੀ, ਸਸਕਾਰ ਸਮੇਤ ਕਿਸੇ ਵੀ ਥਾਂ ਤੇ 10 ਤੋਂ ਜਿਆਦਾ ਲੋਕਾਂ ਦੇ ਇੱਕਠ ਤੇ ਪਾਬੰਦੀ ਹੈ। ਪਿੰਡਾਂ ਵਿਚ ਰਾਤਰੀ ਕਰਫਿਊ ਅਤੇ ਵੀਕਐਂਡ ਕਰਫਿਊ ਲਾਗੂ ਕਰਨ ਲਈ ਠਿਕਰੀ ਪਹਿਰੇ ਲਗਾਏ ਜਾਣ। ਸਬਜੀ ਮੰਡੀ ਜੋ ਕਿ ਸਿਰਫ ਫਲ ਸਬਜੀਆਂ ਦੇ ਥੋਕ ਵਿਕ੍ਰੇਤਾਵਾਂ ਲਈ ਖੁੱਲੇਗੀ ਵਿਚ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇ। ਕਿਸਾਨ ਸੰਗਠਨਾਂ ਅਤੇ ਧਾਰਮਿਕ  ਆਗੂਆਂ ਨੂੰ ਇੱਕਠ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ ਅਤੇ ਉਥੇ ਕਿਸੇ ਕਿਸਮ ਦੀ ਭੀੜ ਕਰਨ ਦੀ ਆਗਿਆ ਨਹੀਂ ਹੋਵੇਗੀ। ਆਕਸੀਜਨ ਸਿੰਲੈਡਰ ਦੀ ਕਾਲਾਬਜਾਰੀ ਸਖਤੀ ਨਾਲ ਰੋਕੀ ਜਾਵੇਗੀ ਅਤੇ ਸੜਕਾਂ ਤੇ ਫੜੀ ਰੇਹੜੀ ਲਗਾਉਣ ਵਾਲਿਆਂ ਦੇ ਆਰਟੀਪੀਸੀਆਰ ਟੈਸਟ ਕੀਤੇ ਜਾਣਗੇ। ਇਸੇ ਤਰਾਂ ਰੋਜਾਨਾ ਦੁਪਹਿਰ 12 ਵਜੇ ਤੋਂ ਅਗਲੀ ਸਵੇਰ 6 ਵਜੇ ਤੱਕ ਅਤੇ ਸ਼ੁਕਰਵਾਰ ਨੂੰ ਦੁਪਹਿਰ 12 ਤੋਂ ਸੋਮਵਾਰ ਸਵੇਰ 6 ਵਜੇ ਤੱਕ ਜ਼ਿਲੇ ਵਿਚ ਕਰਫਿਊ ਰਹੇਗਾ ਅਤੇ ਇਸ ਦੌਰਾਨ ਮੈਡੀਕਲ ਕਾਰਨਾਂ ਤੋਂ ਬਿਨਾਂ ਵਾਹਨ ਲੈ ਕੇ ਨਿਕਲਣ ਤੇ ਰੋਕ ਹੋਵੇਗੀ। ਪਬਲਿਕ ਟਰਾਂਸਪੋਰਟ ਵਿਚ ਸਮਰੱਥਾ ਤੋਂ 50 ਫੀਸਦੀ ਸਵਾਰੀਆਂ ਹੀ ਚੜਾਈਆਂ ਜਾਣਗੀਆਂ ਅਤੇ ਇੰਨਾਂ ਦੀ ਚੈਕਿੰਗ ਲਈ ਉਡਣ ਦਸਤੇ ਬਣਨਗੇ। ਬਾਰ, ਸਿਨੇਮਾ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹਫਤਾਵਾਰੀ ਮੰਡੀਆਂ ਬੰਦ ਰਹਿਣਗੀਆਂ। ਜ਼ਿਲਾ ਪ੍ਰਸਾਸਨ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਹਰ ਪ੍ਰਕਾਰ ਦੀਆਂ ਸਮਾਜਿਕ, ਧਾਰਮਿਕ ਅਤੇ ਖੇਡ ਸਮਾਗਮਾਂ, ਨੀਂਹ ਪੱਥਰ, ਉਦਘਾਟਨ ਆਦਿ ਤੇ ਰੋਕ ਰਹੇਗੀ। ਰਾਜਨੀਤਿਕ ਸਮਾਗਮਾਂ ਤੇ ਵੀ ਰੋਕ ਰਹੇਗੀ ਅਤੇ ਅਜਿਹਾ ਕਰਨ ਵਾਲੇ ਖਿਲਾਫ ਐਫਆਈਆਰ ਦਰਜ ਕਰਨ ਦੇ ਨਾਲ ਨਾਲ ਉਸ ਸਥਾਨ ਨੂੰ ਵੀ ਤਿੰਨ ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ। ਪਿੱਛਲੇ ਦਿਨਾਂ ਵਿਚ ਕੋਈ ਵੱਡੀ ਸਮਾਜਿਕ, ਧਾਰਮਿਕ, ਰਾਜਨੀਤਿਕ ਸਮਾਗਮ ਵਿਚ ਸ਼ਾਮਿਲ ਹੋਏ ਵਿਅਕਤੀ ਨੂੰ 5 ਦਿਨ ਲਈ ਘਰੇਲੂ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਆਪਣਾ ਟੈਸਟ ਕਰਵਾਉਣ ਪਵੇਗਾ। ਭਰਤੀ ਪ੍ਰੀਖਿਆਵਾਂ ਮੁੁਲਤਵੀ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਸੇਵਾ ਉਦਯੋਗ ਸਮੇਤ ਸਾਰੇ ਨਿੱਜੀ ਦਫ਼ਤਰਾਂ ਜਿਨਾਂ ਵਿੱਚ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੈ। ਉਨਾਂ ਕਿਹਾ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ਼ ਨਹੀਂ ਲਗਵਾਈ ਹੈ, ਉਨਾਂ ਨੂੰ ਛੁੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਦੇ। ਇਸ ਤੋਂ ਇਲਾਵਾ ਜਿਨਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਜ਼ਿਆਦਾ ਪੁੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਜਿਨਾਂ ਕਰਮਚਾਰੀਆਂ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਪਾਜੀਟਿਵ ਹੋਵੇਗੀ, ਉਨਾਂ ਨੂੰ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ @ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ @ਤੇ ਪਾਬੰਦੀ ਲਗਾਉਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉੁਣ ਲਈ ਕਿਹਾ ਗਿਆ ਹੈ। ਇਸ ਤੋਂ ਬਿਨਾਂ ਕੋਨਟੇਨਮੈਂਟ ਖੇਤਰਾਂ ਵਿਚ ਜਾਂਚ ਕਰਨ ਅਤੇ ਜਰੂਰੀ ਸਾਵਧਾਨੀਆਂ ਸ਼ਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਅਪਣਾਈਆਂ ਜਾਣ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਭੀੜ ਵਾਲੇ ਸਥਾਨਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜਾਂ ਜੇਕਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾ ਜਨਤਕ ਕੰਮ ਸਥਾਨਾਂ @ਤੇ ਮਾਸਕ ਪਹਿਨਣ, ਜਨਤਕ ਥਾਵਾਂ @ਤੇ ਨਾ ਥੁੁੱਕਣ ਅਤੇ ਸਮੇਂ-ਸਮੇਂ @ਤੇ ਹੱਥ ਸਾਬਣ ਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਇਨਾਂ ਹੁਕਮਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਮੈਨੇਜਮੈਂਟ ਐਕਟ ਦੀ ਧਾਰਾ 51 ਤੋਂ 60 ਤੱਕ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।