ਪੰਜਾਬ

ਹੁਣ ਤੱਕ ਮੰਡੀਆਂ ਵਿਚ 8500 ਤੋਂ ਵੱਧ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ

ਫ਼ੈਕ੍ਟ ਸਮਾਚਾਰ ਸੇਵਾ
ਬਟਾਲਾ,  ਅਪ੍ਰੈਲ 30
ਕੋਵਿਡ-19 ਦਰਮਿਆਨ ਕਣਕ ਦੀ ਚੱਲ ਰਹੀ ਖਰੀਦ ਦੌਰਾਨ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਹੋਰ ਸਾਰੀਆਂ ਧਿਰਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸੂਬਾ ਭਰ ਵਿਚ ਅਨਾਜ ਮੰਡੀਆਂ ਵਿਚ ਲਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪਾਂ ਦੌਰਾਨ ਹੁਣ ਤੱਕ 8500 ਤੋਂ ਵੱਧ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਵਿਧਾਇਕ  ਫ਼ਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਸੂਬੇ ਵਿਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਗਏ ਤਾਂ ਕਿ ਮੌਜੂਦਾ ਹਾੜੀ ਸੀਜਨ ਦੌਰਾਨ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਟੀਕਾ ਲਵਾ ਸਕਣ। ਉਨਾਂ ਅੱਗੇ ਦੱਸਿਆ ਕਿ ਸੂਬਾ ਭਰ ਦੀਆਂ ਮੰਡੀਆਂ ਵਿਚ ਕਿਸਾਨਾਂ, ਆੜਤੀਆਂ, ਮਜਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜਮਾਂ ਅਤੇ ਹੋਰ ਧਿਰਾਂ ਸਮੇਤ 8500 ਤੋਂ ਵੱਧ ਯੋਗ ਵਿਅਕਤੀਆ ਨੂੰ ਹੁਣ ਤੱਕ ਕੋਵਿਡ ਤੋਂ ਬਚਾਅ ਦਾ ਟੀਕਾ ਲੱਗ ਚੁੱਕਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਕਰਨ ਲਈ ਵਚਨਬੱਧ ਹੈ ਅਤੇ  ਸਰਕਾਰ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਅਤੇ ਮੁੱਦਿਆਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਂਦਿਆਂ ਪੰਜਾਬ ਮੰਡੀ ਬੋਰਡ ਵੱਲੋਂ ਸਥਾਪਤ ਸਟੇਟ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਸੰਤੁਸ਼ਟੀ ਲਈ ਹੁਣ ਤੱਕ ਕਣਕ ਦੀ ਖਰੀਦ ਨਾਲ ਸਬੰਧਤ ਸਾਰੀਆਂ 746 ਟੈਲੀਫੋਨਿਕ ਸਕਿਾਇਤਾਂ/ਮਸਲਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਗਿਆ ਹੈ। ਵਿਧਾਇਕ ਬਾਜਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਜਾਂ ਕਿਸੇ ਹੋਰ ਭਾਈਵਾਲ ਨੂੰ ਖਰੀਦ ਕਾਰਜਾਂ ਵਿੱਚ ਕੋਈ ਮੁਸਕਲ ਪੇਸ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।