ਦੇਸ਼-ਦੁਨੀਆ

ਹਿਮਾਚਲ: ਕਾਰ ਨੂੰ ਟੱਕਰ ਮਾਰ ਕੇ ਖੇਤ ’ਚ ਪਲਟਿਆ ਟਰੱਕ, ਡਰਾਈਵਰ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ
ਕੇਲਾਂਗ ਅਗਸਤ 31
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਲਾਹੌਲ-ਸਪੀਤੀ ’ਚ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਿਸੂ ’ਚ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਟਰੱਕ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਟਰੱਕ ਕੇਲਾਂਗ ਵੱਲੋਂ ਆ ਰਿਹਾ ਸੀ ਕਿ ਅਚਾਨਕ ਸਿਸੂ ਨੇੜੇ ਪਹੁੰਚ ਕੇ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ ਅਤੇ ਕਾਰ ਨਾਲ ਜਾ ਟਕਰਾਇਆ। ਕਾਰ ਨਾਲ ਟਕਰਾਉਣ ਮਗਰੋਂ ਟਰੱਕ ਸੜਕਾਂ ਤੋਂ ਹੇਠਾਂ ਖੇਤਾਂ ਵਿਚ ਪਲਟ ਗਿਆ। ਟਰੱਕ ਸੜਕ ਕੰਢੇ ਖੜ੍ਹੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਗੋਭੀ ਦੇ ਖੇਤ ਵਿਚ ਜਾ ਡਿੱਗਿਆ। ਜਦਕਿ ਕਾਰ ਪਲਟ ਕੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਐੱਸ. ਪੀ. ਲਾਹੌਲ-ਸਪੀਤੀ ਮਾਨਵ ਵਰਮਾ ਨੇ ਕਿਹਾ ਕਿ ਮਿ੍ਰਤਕ ਦੀ ਪਹਿਚਾਣ ਟਰੱਕ ਡਰਾਈਵਰ ਵਿਨੋਦ ਦੇ ਰੂਪ ਵਿਚ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਵਿਚ ਜੁੱਟੀ ਹੋਈ ਹੈ।