ਸੰਜੈ ਲੀਲਾ ਭੰਸਾਲੀ ਤੇ ਰਾਜ ਕੁਮਾਰ ਹਿਰਾਨੀ ਨਾਲ ਕੰਮ ਕਰਨਾ ਚਾਹੁੰਦੈ ਐਮੀ ਵਿਰਕ

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਅਗਸਤ 19
ਸੰਜੈ ਲੀਲਾ ਭੰਸਾਲੀ ਤੇ ਰਾਜ ਕੁਮਾਰ ਹਿਰਾਨੀ ਨਾਲ ਕੰਮ ਕਰਨਾ ਚਾਹੁੰਦੈ ਐਮੀ ਵਿਰਕਭਾਵੇਂ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਵੱਲੋਂ ਫਿਲਮ ‘83’ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਦੀ ਯੋਜਨਾ ਸੀ ਪਰ ਇਸ ਤੋਂ ਪਹਿਲਾਂ ਹੀ ਬੌਲੀਵੁੱਡ ਫਿਲਮ ‘ਭੁਜ: ਦਿ ਪ੍ਰਾਈਡ ਆਫ਼ ਆਫ਼ ਇੰਡੀਆ’ ਵਿੱਚ ਦਰਸ਼ਕਾਂ ਨੂੰ ਐਮੀ ਵਿਰਕ ਦੀ ਅਦਾਕਾਰੀ ਦੇਖਣ ਨੂੰ ਮਿਲੀ ਹੈ। ਭਾਵੇਂ ਇਹ ਫਿਲਮ ਜ਼ਿਆਦਾ ਨਹੀਂ ਚੱਲੀ ਪਰ ਐਮੀ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਐਮੀ ਦਾ ਮੰਨਣਾ ਹੈ ਕਿ ਵਧੀਆ ਸਕ੍ਰਿਪਟ ਤੇ ਚੰਗੇ ਫਿਲਮ ਨਿਰਦੇਸ਼ਕ ਹੀ ਕਿਸੇ ਅਦਾਕਾਰ ਨੂੰ ਸਟਾਰ ਬਣਾਉਂਦੇ ਹਨ ਤੇ ਭਵਿੱਖ ਵਿੱਚ ਉਹ ਬੌਲੀਵੁੱਡ ਦੇ ਕੁਝ ਪਸੰਦੀਦਾ ਨਿਰਦੇਸ਼ਕਾਂ ਜਿਵੇਂ ਰਾਜ ਕੁਮਾਰ ਹਿਰਾਨੀ ਤੇ ਸੰਜੈ ਲੀਲਾ ਭੰਸਾਲੀ ਨਾਲ ਕੰਮ ਕਰਨ ਦਾ ਚਾਹਵਾਨ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਐਮੀ ਨੇ ਆਖਿਆ, ‘ਜਦੋਂ ਮੈਂ ਛੋਟਾ ਸੀ ਤਾਂ ਮੈਂ ਘਰ ਵਿੱਚ ਸਿਰਫ਼ ਟੈਲੀਵਿਜਨ ’ਤੇ ਹੀ ਫਿਲਮਾਂ ਦੇਖਦਾ ਸੀ। ਮੈਂ ਪੰਜਾਬ ਦੇ ਇੱਕ ਪਿੰਡ ਵਿੱਚੋਂ ਆਇਆ ਹਾਂ, ਜਿੱਥੇ ਸਿਨੇਮਾਘਰ ’ਚ ਜਾ ਕੇ ਫਿਲਮਾਂ ਦੇਖਣਾ ਸਾਡੇ ਰੋਜ਼ਾਨਾ ਦੇ ਕੰਮਾਂ ’ਚ ਸ਼ਾਮਲ ਨਹੀਂ ਸੀ। ਘਰ ਵਿੱਚ ਅਸੀਂ ਧਰਮਿੰਦਰ ਤੇ ਸਨੀ ਦਿਓਲ ਦੀਆਂ ਫਿਲਮਾਂ ਦੇਖਦੇ ਸਾਂ।’ ਐਮੀ ਨੇ ਕਿਹਾ, ‘ਮੈਂ ਮਹਾਨ ਫਿਲਮਸਾਜ਼ਾਂ ਨਾਲ ਤੇ ਚੰਗੀ ਸਕ੍ਰਿਪਟ ’ਤੇ ਕੰਮ ਕਰਨਾ ਚਾਹੁੰਦਾ ਹਾਂ ਤੇ ਵਧੀਆ ਅਦਾਕਾਰਾਂ ਤੋਂ ਸਿੱਖਣਾ ਚਾਹੁੰਦਾ ਹਾਂ। ਮੇਰੀ ਰਾਜ ਕੁਮਾਰ ਹਿਰਾਨੀ, ਸੰਜੈ ਲੀਲਾ ਭੰਸਾਲੀ ਤੇ ਹੋਰਨਾਂ ਨਾਲ ਕੰਮ ਕਰਨ ਦੀ ਇੱਛਾ ਹੈ, ਜਿਸ ਦੇ ਦੋ ਕਾਰਨ ਹਨ। ਪਹਿਲਾ ਮੈਨੂੰ ਉਨ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਹੈ ਤੇ ਦੂਜਾ ਮੈਨੂੰ ਲੱਗਦਾ ਹੈ ਕਿ ਉਹ ਅਦਾਕਾਰਾਂ ਨੂੰ ਸਟਾਰ ਬਣਾਉਂਦੇ ਹਨ।’ ਉਸ ਨੇ ਕਬੀਰ ਨਾਲ ਮੁੜ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਐਮੀ ਵਿਰਕ ਹੁਣ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਿਸਮਤ 2’ ਵਿੱਚ ਦਿਖਾਈ ਦੇਵੇਗਾ, ਜੋ 24 ਸਤੰਬਰ ਨੂੰ ਰਿਲੀਜ਼ ਹੋਵੇਗੀ।

More from this section