ਪੰਜਾਬ

ਸੰਗੀਤ ਪਰਮਾਤਮਾ ਦੁਆਰਾ ਸਮੁੱਚੀ ਕਾਇਨਾਤ ਨੂੰ ਬਖਸ਼ਿਆ ਅਨਮੋਲ ਤੋਹਫ਼ਾ : ਸੁਰਿੰਦਰ ਕਪਿਲਾ

ਫ਼ੈਕ੍ਟ ਸਮਾਚਾਰ ਸੇਵਾ
ਪਟਿਆਲਾ, ਅਕਤੂਬਰ 11

ਸੰਗੀਤ ਪ੍ਰਮਾਤਮਾ ਦੁਆਰਾ ਸਮੁੱਚੀ ਕਾਇਨਾਤ ਨੂੰ ਦਿੱਤਾ ਗਿਆ ਅਨਮੋਲ ਤੋਹਫ਼ਾ ਹੈ।ਇਹ ਸਾਡੇ ਲਈ ਇੱਕ ਰੂਹਾਨੀ ਕੁੰਜੀ ਦੀ ਤਰ੍ਹਾਂ ਹੈ ਜੋ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਦੇ ਸੇਵਾਮੁਕਤ ਪ੍ਰਿੰਸੀਪਲ ਡਾਕਟਰ ਸੁਰਿੰਦਰ ਕਪਿਲਾ ਨੇ ਰਾਮ ਸੰਗੀਤ ਸਭਾ ਵੱਲੋਂ ਕਰਵਾਈ ਸੰਗੀਤ ਸਭਾ ਚ ਆਪਣੇ ਸੰਬੋਧਨ ਦੌਰਾਨ ਕੀਤਾ।

ਡਾ. ਕਪਿਲਾ ਨੇ ਪਟਿਆਲਾ ਘਰਾਣੇ ਦੀ ਗੱਲ ਕਰਦਿਆਂ ਕਿਹਾ ਕਿ ਸੰਗੀਤ ਲੱਚਰਤਾ ਵਾਲਾ ਨਹੀਂ ਸਗੋਂ ਸੁਰੀਲਾ, ਸੇਧ ਦੇਣ ਵਾਲਾ ਅਤੇ ਅਨੰਦਮਈ ਹੋਣਾ ਚਾਹੀਦਾ ਹੈ, ਜਿਸ ਨੂੰ ਅਸੀਂ ਪਰਿਵਾਰ ਵਿੱਚ ਬੈਠਕੇ ਸੁਣ ਸਕਦੇ ਹੋਈਏ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੇਂ ਉੱਭਰਦੇ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਕੇ ਪਟਿਆਲੇ ਦੀ ਸੰਗੀਤਕ ਰਵਾਇਤ ਨੂੰ ਅੱਗੇ ਲੈ ਕੇ ਜਾਣ ‘ਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ।

ਉੱਘੀ ਸੰਗੀਤਾਚਾਰੀਆ ਨੇ ਕਿਹਾ ਕਿ ਸੰਗੀਤ ਇੱਕ ਬਹੁਤ ਹੀ ਸੁਰੀਲੀ ਅਤੇ ਸਰਵ ਵਿਆਪੀ ਭਾਸ਼ਾ ਹੈ, ਜੋ ਸਭ ਕੁਝ ਸ਼ਾਂਤੀ ਨਾਲ ਦੱਸਦੀ ਹੈ ਅਤੇ ਸਾਨੂੰ ਪੁੱਛੇ ਬਗੈਰ ਸਾਡੀਆਂ ਸਾਰੀਆਂ ਭਾਵਨਾਵਾਂ, ਸੰਵੇਗ ਆਦਿ ਨੂੰ ਲੋਕ ਅਰਪਣ ਕਰਦੇ ਹੋਏ ਸਾਡੀਆਂ ਚਿੰਤਾਵਾਂ ਨੂੰ ਮਨਮੋਹਕ ਤਰੰਗਾਂ ਤੇ ਅਨਹਦ ਰਾਗ ਨਾਲ ਦੂਰ ਕਰਦੀ ਹੈ।

ਡਾਕਟਰ ਕਪਿਲਾ ਨੇ ਕਿਹਾ ਕਿ ਸੰਗੀਤ ਉਹ ਤਾਲ ਹੈ, ਜੋ ਪਿਛਲੇ ਸਮਿਆਂ, ਮਨਪਸੰਦ ਸਥਾਨਾਂ, ਵਿਅਕਤੀਆਂ ਜਾਂ ਤਿਉਹਾਰਾਂ ਆਦਿ ਦੀਆਂ ਸਾਰੀਆਂ ਚੰਗੀਆਂ ਯਾਦਾਂ ਅਤੇ ਸਕਾਰਾਤਮਕ ਵਿਚਾਰਾਂ ਨੂੰ ਲਿਆਉਂਦਾ ਹੈ ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਡਾਂਸ ਵਿਭਾਗ ਦੀ ਸਾਬਕਾ ਮੁਖੀ ਅਤੇ ਡੀਨ ਡੇਜ਼ੀ ਵਾਲੀਆ ਨੇ ਕਿਹਾ ਉਹ ਹਮੇਸ਼ਾਂ ਸੰਗੀਤ ਪ੍ਰਤੀ ਵਚਨਬੱਧ ਹਨ ਅਤੇ ਸੰਗੀਤ ਉਹ ਹੈ, ਜੋ ਸੁਣਨ ਨੂੰ ਸਾਨੂੰ ਚੰਗਾ ਲਗਦਾ ਹੋਵੇ ਅਤੇ ਸਾਡੇ ਦਿਲ, ਦਿਮਾਗ਼ ਨੂੰ ਰਾਹਤ ਪ੍ਰਦਾਨ ਕਰਨ ਦੇ ਨਾਲ ਨਾਲ ਖ਼ੁਸ਼ੀ ਵੀ ਪ੍ਰਦਾਨ ਕਰੇ। ਸਿਹਤਮੰਦ ਅਤੇ ਖ਼ੁਸ਼ਹਾਲ ਜ਼ਿੰਦਗੀ ਦਾ ਰਾਜ਼ ਰੱਬ ਵੱਲੋਂ ਦਿੱਤੀ  ਸੰਗੀਤਕ ਦਾਤ ਹੀ ਹੈ।

ਵਾਲੀਆ ਨੇ ਕਿਹਾ ਕਿ ਸੰਗੀਤ ਨੂੰ ਉੱਚ ਸੁਹਜਮਈ ਮੁੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਮਹੱਤਵਪੂਰਨ ਸਮਾਜਿਕ ਹੁਨਰ ਸਿਖਾਉਂਦਾ ਹੈ।ਸੰਗੀਤ ਸਾਨੂੰ ਜੀਵਨ ਦੇ ਮਹੱਤਵਪੂਰਨ ਹੁਨਰ ਜਿਵੇਂ ਕਿ ਟੀਮ ਵਰਕ, ਲੀਡਰਸ਼ਿਪ, ਅਨੁਸ਼ਾਸਨ ਅਤੇ ਦੂਜਿਆਂ ਨਾਲ ਕਿਵੇਂ ਵਰਤਣਾ ਹੈ, ਆਦਿ ਦੇ ਤੌਰ ਤਰੀਕੇ ਪੈਦਾ ਕਰਦਾ ਹੈ।

ਇਸ ਮੌਕੇ ਰਾਕੇਸ਼ ਸ਼ਰਮਾ, ਭਗਵਾਨ ਦਾਸ ਗੁਪਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਰਾਮ ਸੰਗੀਤ ਸਭਾ ਦੇ ਪ੍ਰਧਾਨ ਡਾ. ਰਾਮ ਅਰੋੜਾ ਨੇ ਦੱਸਿਆ ਕਿ ਇਹ ਸਭਾ ਨਵੇਂ ਕਲਾਕਾਰਾਂ ਨੂੰ ਉਭਾਰਨ ਲਈ ਮੰਚ ਪ੍ਰਦਾਨ ਕਰਦਾ ਹੈ ਅਤੇ ਜਿਨ੍ਹਾਂ ਕਲਾਕਾਰਾਂ ਦੀ ਰੁਚੀ ਸੰਗੀਤ ਵਿੱਚ ਹੈ, ਲੇਕਿਨ ਕਿਸੇ ਕਾਰਨ ਉਹ ਅੱਗੇ ਨਹੀਂ ਆ ਸਕੇ, ਉਨ੍ਹਾਂ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ।

ਰਾਮ ਸੰਗੀਤ ਸਭਾ ਵੱਲੋਂ ਕਰਵਾਈ ਸੰਗੀਤ ਸਭਾ ਦੌਰਾਨ ਡਾ. ਸੁਮੰਗਲ ਅਰੋੜਾ, ਡਾ. ਮਹਿਕ ਅਰੋੜਾ, ਹੁਨਰ ਅਰੋੜਾ, ਬਿੰਦੂ ਅਰੋੜਾ, ਰਣਦੀਪ ਅਰੋੜਾ, ਨਰਿੰਦਰ ਅਰੋੜਾ, ਰਾਜੀਵ ਵਰਮਾ, ਰੇਨੂੰ ਵਰਮਾ, ਡੀ.ਐਸ.ਪੁਰੀ, ਭੁਪਿੰਦਰ ਸਿੰਘ, ਮਨਜੀਤ ਕੌਰ, ਕੁਲਦੀਪ ਗਰੋਵਰ, ਵਿਨੋਦ ਝਾਗਰਾ (ਅੰਬਾਲਾ) ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਮੌਜੂਦ ਸਰੋਤਿਆਂ ਦਾ ਸਮਾਂ ਬੰਨ੍ਹਿਆ।

ਕੈਪਸ਼ਨ: ਰਾਮ ਸੰਗੀਤ ਸਭਾ ਪਟਿਆਲਾ ਵੱਲੋਂ ਕਰਵਾਈ ਗਈ ਗਰੈਂਡ ਮਿਊਜ਼ਿਕਲ ਇਵਨਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸੁਰਿੰਦਰ ਕਪਿਲਾ ਅਤੇ ਡੇਜ਼ੀ ਵਾਲੀਆ।

More from this section