ਧਰਮ ਤੇ ਵਿਰਸਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਣਦੀ ਪਾਰਕਿੰਗ ਨੂੰ ਰੁਕਵਾ ਕੇ ਕੀਤਾ ਸੀਲ

ਫ਼ੈਕ੍ਟ ਸਮਾਚਾਰ ਸੇਵਾ ਅੰਮ੍ਰਿਤਸਰ , ਜੁਲਾਈ 15

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਬੰਧਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੇ ਜੋੜਾ ਘਰ ਤੇ ਸਕੂਟਰ ਸਟੈਂਡ ਦੀ ਪਾਰਕਿੰਗ ਦੇ ਚੱਲਦਿਆਂ ਕੰਮ ਨੂੰ ਪ੍ਰਸ਼ਾਸਨ ਵੱਲੋਂ ਰੁਕਵਾ ਕੇ ਸੀਲ ਕਰ ਦਿੱਤਾ ਹੈ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਦੇ ਨਾਲ ਸੰਗਤਾਂ ਨੇ ਆ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਕਿ ਇੱਥੇ ਮੌਜੂਦ ਕੁਝ ਵਿਰਾਸਤ ਪੁਰਾਤਨ ਇਮਾਰਤਾਂ ਦਬੀਆਂ ਹੋਈਆਂ ਹਨ, ਜਿਸ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਐੱਸਡੀਐੱਮ ਵਿਕਾਸ ਹੀਰਾ ਨੇ ਆ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਕੰਮ ਨੂੰ ਰੁਕਵਾ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਪੁਰਾਤਤਵ ਵਿਭਾਗ ਪਾਸੋਂ ਇਸ ਦੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਕਿਸੇ ਵੀ ਪੁਰਾਤਨ ਇਮਾਰਤ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਸਮੇਂ ਤਕ ਰਿਪੋਰਟ ਨਹੀਂ ਆ ਜਾਂਦੀ ਉਸ ਸਮੇਂ ਤਕ ਇਹ ਕੰਮ ਬੰਦ ਕਰਵਾਇਆ ਗਿਆ ਹੈ। ਇਹ ਵੀ ਜਿਕਰਯੋਗ ਹੈ ਕਿ ਇਹ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਕਾਰਸੇਵਾ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ।