ਸੂਬੇ ਭਰ ਵਿਚ 74 ਲੱਖ ਤੋ ਵੱਧ ਕੀਤੇ ਕਰੋਨਾ ਦੇ ਟੈਸਟ

ਫ਼ੈਕ੍ਟ ਸਮਾਚਾਰ ਸੇਵਾ
ਅੰਮ੍ਰਿਤਸਰ , ਜੂਨ 12             
ਕੋਵਿਡ ਕੇਸਾਂ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਸਥਾਨਕ ਸਰਕਟ ਹਾਊਸ ਵਿਖੇ ਕੋਵਿਡ ਦੀ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ  ਗੁਰਪ੍ਰੀਤ ਸਿੰਘ ਖਹਿਰਾਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲਵਧੀਕ ਡਿਪਟੀ ਕਮਿਸ਼ਨਰ  ਹਿੰਮਾਸ਼ੂ ਅਗਰਵਾਲ,ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ,ਪ੍ਰਿੰਸੀਪਲ ਮੈਡੀਕਲ ਕਾਲਜ  ਰਾਜੀਵ ਦੇਵਗਨ,ਮੈਡੀਕਲ ਸੁਪਰਡੈਟ ਡਾ: ਕੇ ਡੀ ਸਿੰਘਕੌਂਸਲਰ ਵਿਕਾਸ ਸੋਨੀ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ  ਸੋਨੀ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਕੋਵਿਡ ਦੇ ਕੇਸਾਂ ਵਿਚ ਕਾਫੀ ਕਮੀ ਪਾਈ ਜਾ ਰਹੀ ਹੈ ਅਤੇ ਇਹ ਸਭ ਕੁਝ ਲੋਕਾਂ ਦੇ ਸਹਿਯੌਗ ਨਾਲ ਹੀ ਸੰਭਵ ਹੋਇਆ ਹੈ।ਉਨ੍ਹਾਂ ਦੱਸਿਆ ਕਿ 1500 ਕਰੋੜ ਰੁਪਏ ਦੀ ਲਾਗਤ ਨਾਲ ਮੋਹਾਲੀ,ਹੁਸ਼ਿਆਰਪੁਰ,ਕਪੂਰਥਲਾ ਅਤੇ ਮਲੇਰਕੋਟਲਾ ਵਿਖੇ ਚਾਰ ਨਵੇ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ,ਜਿਸ ਨਾਲ ਸੂਬੇ ਦੀ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਸਮੇ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ 1400 ਦੇ ਕਰੀਬ ਐਮ ਬੀ ਬੀ ਐਸ ਸੀਟਾਂ ਹਨ ਅਤੇ ਚਾਰ ਨਵੇ ਮੈਡੀਕਲ ਕਾਲਜ ਖੁਲਣ ਨਾਲ 500 ਸੀਟਾਂ ਦਾ ਹੋਰ ਵਾਧਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਸੁਪਰਸਪੈਸ਼ਲਟੀ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਤਨਖਾਹ ਵੀ ਦੂਜੇ ਸੂਬਿਆਂ ਵਾਂਗ ਵਧਾਈ ਜਾਵੇਗੀ।  ਪੈ੍ਰਸ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਸੋਨੀ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋ ਸਰਕਾਰੀ ਮੈਡੀਕਲ ਕਾਲਜਾਂ ਵਿਚ ਬਲੈਕ ਫੰਗਸ਼ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀ ਆਇਆ ਹੈ ਅਤੇ ਇਸ ਕੇਸਾਂ ਵਿਚ ਵੀ ਕਾਫੀ ਕਮੀ ਪਾਈ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਵੱਲੋਂ ਤੀਜੀ ਲਹਿਰ ਦੇ ਖਦਸ਼ੇ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਤੀਜੀ ਲਹਿਰ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਹੁਣ ਤੱਕ 7404012 ਦੇ ਕਰੀਬ ਕਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚ 328531 ਕੇਸ ਪਾਜਟਿਵ ਪਾਏ ਗਏ ਸਨ ਅਤੇ 5151 ਵਿਅਕਤੀਆਂ ਦੀ ਮੌਤ ਹੋਈ ਹੈ।  ਸੋਨੀ ਨੇ ਕਿਹਾ ਕਿ ਕੋਵਿਡ ਕੇਸਾਂ ਵਿੱਚ ਕਮੀ ਆਉਣ ਨਾਲ ਸਰਕਾਰੀ ਹਸਪਤਾਲਾਂ ਵਿੱਚ ਇਸ ਸਮੇਂ ਕੇਵਲ 244 ਮਰੀਜ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ  ਸੋਨੀ ਨੇ ਕਿਹਾ ਕਿ ਕਰੋਨਾ ਦੇ ਹੋਰ ਕੇਸ ਘਟਣ ਨਾਲ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਹੋਰ ਛੂਟਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਕੇਸ ਘਟਣ ਦੀ ਸਥਿਤੀ ਵਿੱਚ ਸ਼ਨੀਵਾਰ ਦੇ ਲਾਕਡਾਊਨ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਦੁਕਾਨਾਂ ਖੁੱਲਣ ਦੇ ਸਮੇਂ ਨੂੰ ਵੀ ਵਧਾਇਆ ਗਿਆ ਹੈ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਵੱਲੋਂ ਭੇਜੇ ਗਏ ਵੈਂਟੀਲੇਟਰ ਜੋ ਖਰਾਬ ਪਾਏ ਗਏ ਸੀ ਨੂੰ ਸਬੰਧਤ ਕੰਪਨੀ ਹੀ ਠੀਕ ਕਰਵਾਏਗੀ। ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉੂਹ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਤੀਜੀ ਲਹਿਰ ਦੇ ਖਦਸ਼ੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।

More from this section