ਪੰਜਾਬ

ਸੂਚਨਾ ਦੇ ਅਧਿਕਾਰ 2005 ਦੇ ਸੈਕਸ਼ਨ 4 ਨੂੰ ਇੰਨ ਬਿੰਨ ਲਾਗੂ ਕਰਨ ਦੇ ਦਿੱਤੇ ਆਦੇਸ਼

ਫ਼ੈਕ੍ਟ ਸਮਾਚਾਰ ਸੇਵਾ ਫਰੀਦਕੋਟ ਜੁਲਾਈ 26
ਰਾਜ ਸੂਚਨਾ ਕਮਿਸ਼ਨਰ  ਖੁਸਵੰਤ ਸਿੰਘ ਵੱਲੋਂ ਆਰ.ਟੀ.ਆਈ. ਐਕਟ ਦੀ ਧਾਰਾ 4 ਨੂੰ ਲਾਗੂ ਕਰਨ ਅਤੇ ਇਸ ਸਬੰਧੀ ਵਿਭਾਗਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ, ਐਸ.ਐਸ.ਪੀ. ਸਵਰਨਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਆਈ.ਪੀ.ਓ., ਏ.ਆਈ.ਪੀ.ਓ. ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਰਾਜ ਸੂਚਨਾ ਕਮਿਸ਼ਨਰ ਪੰਜਾਬ ਖੁਸਵੰਤ ਸਿੰਘ ਨੇ ਇਸ ਮੌਕੇ ਵੱਖ ਵੱਖ ਵਿਭਾਗਾਂ ਨੂੰ ਕਿਹਾ ਕਿ ਹਰੇਕ ਪਬਲਿਕ ਅਥਾਰਿਟੀ ਆਪਣੇ ਵਿਭਾਗ ਨਾਲ ਸਬੰਧਤ ਸੂਚਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਇਸ ਨਾਲ ਐਕਟ ਤਹਿਤ ਸੂਚਨਾ ਲੈਣੀ ਸੁਖਾਲੀ ਅਤੇ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਦੀ ਵੈਬਸਾਈਟ ਤੇ ਹਰੇਕ ਵਿਭਾਗ ਦੇ ਆਈ.ਪੀ.ਓ., ਏ.ਆਈ.ਪੀ.ਓ., ਫਸਟ ਐਪਲੀਕੈਟ ਅਥਾਰਟੀ ਦਾ ਪਤਾ, ਮੋਬਾਇਲ ਨੰਬਰ ਜ਼ਰੂਰ ਦਰਜ ਕੀਤਾ ਜਾਵੇ ਅਤੇ ਇਸ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਮੂਹ ਵਿਭਾਗਾਂ ਵਿੱਚ ਇਹ ਕੰਮ ਸਮਾਂਬੱਧ ਹੋਣਾ ਚਾਹੀਦਾ ਹੈ। ਇਸ ਉਪਰੰਤ ਰਾਜ ਸੂਚਨਾ ਕਮਿਸ਼ਨਰ ਨੇ ਸੂਚਨਾ ਦਾ ਅਧਿਕਾਰ ਐਕਟ 2005 ਤਹਿਤ ਵੱਖ ਵੱਖ ਧਾਰਾਵਾਂ ਦੀ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਤੇ ਹਰੇਕ ਆਈ.ਪੀ.ਓ. ਨੂੰ ਆਦੇਸ਼ ਦਿੱਤੇ ਕਿ ਹਰੇਕ ਪ੍ਰਾਰਥੀ ਨੂੰ ਐਕਟ ਤਹਿਤ ਸਮੇਂ ਸਿਰ ਸੂਚਨਾ ਉਪਲਬਧ ਕਰਵਾਈ ਜਾਵੇਗੀ ਅਤੇ ਜੇਕਰ ਇਹ ਸੂਚਨਾ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਨਹੀਂ ਤਾਂ ਤੁਰੰਤ ਦੂਜੇ ਸਬੰਧਤ ਵਿਭਾਗ ਨੂੰ ਟਰਾਂਸਫਰ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਵੱਖ ਵੱਖ ਆਈ.ਪੀ.ਓ. ਤੋਂ ਸੁਝਾਅ ਵੀ ਲਏ ਤੇ ਕਿਹਾ ਕਿ ਕਮਿਸ਼ਨਰ ਦੀ ਮੀਟਿੰਗ ਵਿੱਚ ਇਸ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਰਾਜ ਸੂਚਨਾ ਕਮਿਸ਼ਨਰ ਜੀ ਨੂੰ ਯਕੀਨ ਦਿਵਾਇਆ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਪ੍ਰਾਰਥੀਆਂ ਨੂੰ ਵਿਭਾਗਾਂ ਨਾਲ ਸਬੰਧਤ ਜਾਣਕਾਰੀ ਦੇਣ ਨੂੰ ਯਕੀਨੀ ਤੇ ਸੁਖਾਲਾ ਕੀਤਾ ਜਾਵੇਗਾ ਅਤੇ ਲੋਕ ਸੂਚਨਾ ਅਧਿਕਾਰੀਆਂ ਸਬੰਧੀ ਜਾਣਕਾਰੀ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐਸ.ਪੀ.ਐਚ ਕੁਲਦੀਪ ਸਿੰਘ ਸੋਹੀ, ਐਸ.ਡੀ.ਐਮ. ਫਰੀਦਕੋਟ ਪਰਮਦੀਪ ਸਿੰਘ, ਐਸ.ਡੀ.ਐਮ. ਜੈਤੋ ਡਾ. ਅਮਨਦੀਪ ਕੌਰ, ਮੈਡਮ ਬਲਜੀਤ ਕੌਰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।