ਦੇਸ਼-ਦੁਨੀਆ

ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਮੇਤ 2 ਅੱਤਵਾਦੀ ਢੇਰ

ਫ਼ੈਕ੍ਟ ਸਮਾਚਾਰ ਸੇਵਾ
ਸ਼੍ਰੀਨਗਰ ਜੂਨ 29
ਜੰਮੂ ਕਸ਼ਮੀਰ ਦੇ ਪਾਰਿਮਪੋਰਾ ਇਲਾਕੇ ‘ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ, ਜਿਨ੍ਹਾਂ’ਚੋਂ ਇਕ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਦੀਮ ਅਬਰਾਰ ਸੀ ਅਤੇ ਦੂਜਾ ਅੱਤਵਾਦੀ ਪਾਕਿਸਤਾਨ ਦਾ ਨਾਗਰਿਕ ਸੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਅਬਰਾਰ ਕਤਲ ਦੇ ਕਈ ਮਾਮਲਿਆਂ ‘ਚ ਸ਼ਾਮਲ ਸੀ ਅਤੇ ਉਸ ਨੂੰ ਸੋਮਵਾਰ ਨੂੰ ਪਾਰਿਮਪੋਰਾ ‘ਚ ਵਾਹਨਾਂ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅਬਰਾਰ ਨੇ ਪੁੱਛ-ਗਿੱਛ ‘ਚ ਦੱਸਿਆ ਕਿ ਉਸ ਨੇ ਮਲੂਰਾ ‘ਚ ਇਕ ਜਗ੍ਹਾ ਏ.ਕੇ.-47 ਰਾਈਫ਼ਲ ਲੁਕਾਈ ਹੈ, ਜਿੱਥੇ ਪਹੁੰਚਣ’ਤੇ ਮਕਾਨ ਅੰਦਰ ਲੁਕੇ ਉਸ ਦੇ ਪਾਕਿਸਤਾਨੀ ਸਾਥੀ ਨੇ ਗੋਲੀਬਾਰੀ ਕੀਤੀ। ਮੁਕਾਬਲੇ ‘ਚ ਅਬਰਾਰ ਅਤੇ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵਲੋਂ ਰਾਜਮਾਰਗਾਂ ‘ਤੇ ਹਮਲਾ ਕਰਨ ਦੀ ਖੁਫ਼ੀਆ ਜਾਣਕਾਰੀ ਮਿਲੀ ਸੀ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਕਈ ਥਾਂਵਾਂ ‘ਤੇ ਨਾਕੇਬੰਦੀ ਕੀਤੀ ਸੀ। ਬੁਲਾਰੇ ਨੇ ਕਿਹਾ,”ਪਾਰਿਮਪੋਰਾ ਨਾਕੇ ‘ਤੇ, ਇਕ ਵਾਹਨ ਨੂੰ ਰੋਕਿਆ ਗਿਆ ਅਤੇ ਉਸ ‘ਚ ਬੈਠੇ ਲੋਕਾਂ ਤੋਂ ਉਨ੍ਹਾਂ ਬਾਰੇ ਜਾਣਕਾਰੀ ਮੰਗੀ ਗਈ। ਉਦੋਂ ਪਿੱਛੇ ਸੀਟ ‘ਤੇ ਬੈਠੇ ਵਿਅਕਤੀ ਨੇ ਬੈਗ ‘ਚੋਂ ਗ੍ਰਨੇਡ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦਲ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਫੜ ਲਿਆ। ਵਾਹਨ ਚਾਲਕ ਅਤੇ ਉਸ ਵਿਅਕਤੀ ਨੂੰ ਪੁਲਸ ਹਿਰਾਸਤ ‘ਚ ਲੈ ਲਿਆ ਗਿਆ। ਮਾਸਕ ਉਤਾਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਲਸ਼ਕਰ ਦਾ ਕਮਾਂਡਰ ਅਬਰਾਰ ਸੀ।” ਉਨ੍ਹਾਂ ਦੱਸਿਆਕਿ ਅਬਰਾਰ ਕੋਲੋਂ ਇਕ ਪਿਸਤੌਲ ਅਤੇ ਕੁਝ ਹੱਥਗੋਲੇ ਵੀ ਬਰਾਮਦ ਹੋਏ ਹਨ। ਅਬਰਾਰ ਨੇ ਜਿਸ ਜਗ੍ਹਾ ਏ.ਕੇ.-47 ਹੋਣ ਦੀ ਜਾਣਕਾਰੀ ਦਿੱਤੀ ਸੀ, ਉਸ ਮਕਾਨ ਦੀ ਘੇਰਾਬੰਦੀ ਕਰ ਕੇ ਫ਼ੋਰਸ ਜਿਵੇਂ ਹੀ ਅੰਦਰ ਦਾਖ਼ਲ ਹੋਣਲੱਗੀ, ਉੱਥੇ ਲੁਕੇ ਅਬਰਾਰ ਦੇ ਪਾਕਿਸਤਾਨੀ ਸਾਥੀ ਨੇ ਗੋਲੀਆਂ ਚਲਾ ਦਿੱਤੀਆਂ। ਸ਼ੁਰੂਆਤੀ ਗੋਲੀਬਾਰੀ ‘ਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਅਤੇ ਉਨ੍ਹਾਂ ਨਾਲ ਮੌਜੂਦ ਅਬਰਾਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਫ਼ੋਰਸ ਨੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਕਿਹਾ,”ਮੁਕਾਬਲੇ ‘ਚ ਘਰ ਅੰਦਰ ਗੋਲੀਬਾਰੀ ਕਰਨ ਵਾਲਾ ਪਾਕਿਸਤਾਨੀ ਅੱਤਵਾਦੀ ਅਤੇ ਅਬਰਾਰ ਦੋਵੇਂ ਮਾਰੇ ਗਏ। ਮੌਕੇ ਤੋਂ 2 ਏ.ਕੇ.-47 ਅਤੇ ਕੁਝ ਗੋਲਾ-ਬਾਰੂਦ ਬਰਾਮਦ ਹੋਇਆ ਹੈ।” ਬੁਲਾਰੇ ਨੇ ਦੱਸਿਆ ਕਿ ਅਬਰਾਰ ਸੁਰੱਖਿਆ ਮੁਲਾਜ਼ਮਾਂ ਦੇ ਕਤਲ ਦੇ ਕਈ ਮਾਮਲਿਆਂ ‘ਚ ਸ਼ਾਮਲ ਸੀ।