ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ – ਸਰਕਾਰੀਆ

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਜੁਲਾਈ 03
ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ `ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਸਿਆਸੀ ਸਾਖ ਗੁਆ ਚੁੱਕਣ ਤੋਂ ਬਾਅਦ ਹੁਣ ਸਸਤੀ ਸ਼ੋਹਰਤ ਖੱਟਣ ਲਈ ਜਿਸ ਤਰ੍ਹਾਂ ਦੇ ਹੱਥ ਪੈਰ ਸੁਖਬੀਰ ਵੱਲੋਂ ਮਾਰੇ ਜਾ ਰਹੇ ਹਨ, ਉਸ ਵਿਚੋਂ ਪੂਰੀ ਤਰ੍ਹਾਂ ਉਸ ਦੀ ਬੌਖਲਾਹਟ ਨਜ਼ਰ ਆ ਰਹੀ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਖਣਨ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿਨ੍ਹਾਂ ਸਾਈਟਾਂ `ਤੇ ਸੁਖਬੀਰ ਗਿਆ ਅਤੇ ਜਿੱਥੇ ਜਾ ਕੇ ਉਸ ਨੇ ਇਕ ਵਾਰ ਫੇਰ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾਇਆ ਹੈ ਅਸਲ ਵਿਚ ਉਹ ਸਾਰੀਆਂ ਥਾਂਵਾਂ ਪਿਛਲੀ ਸਰਕਾਰ ਵੇਲੇ ਆਕਸ਼ਨ ਹੋਈਆਂ ਸਨ। ਇਨ੍ਹਾਂ ਥਾਂਵਾਂ `ਤੇ ਪਿਛਲੇ ਸਮੇਂ ਵਿਚ ਕੁਝ ਲੋਕਾਂ ਨੇ ਗੈਰਕਾਨੂੰਨੀ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਵਿਭਾਗ ਵੱਲੋਂ ਕਾਰਵਾਈ ਕਰਕੇ ਭਾਰੀ ਜੁਰਮਾਨੇ ਕੀਤੇ ਗਏ ਹਨ। ਇਹੀ ਕਾਰਣ ਹੈ ਕਿ ਮਾਈਨਿੰਗ ਵਾਲੀਆਂ ਅਕਾਲੀਆਂ ਦੀਆਂ ਇਨ੍ਹਾਂ ਪਸੰਦੀਦਾ ਥਾਂਵਾਂ `ਤੇ ਅੱਜ ਵੀ ਸਿਰਫ ਅਕਾਲੀ ਹੀ ਗਏ। ਉੱਥੇ ਨਾ ਤਾਂ ਕੋਈ ਮਸ਼ੀਨਰੀ ਸੀ ਅਤੇ ਨਾ ਹੀ ਕੋਈ ਖਣਨ ਹੋ ਰਿਹਾ ਸੀ। ਖਣਨ ਮੰਤਰੀ ਨੇ ਕਿਹਾ ਕਿ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ `ਰੇਤ ਮਾਫੀਆ` ਸ਼ਬਦ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹੈ ਅਤੇ ਜਿੰਨੀ ਧਾਂਦਲੀ ਪਿਛਲੀ ਸਰਕਾਰ ਨੇ ਮੱਚਾਈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਬਾਦਲਾਂ ਦੀ ਹਕੂਮਤ ਵੇਲੇ ਦੇ 10 ਸਾਲਾਂ ਦੌਰਾਨ ਮਾਈਨਿੰਗ ਤੋਂ ਸਰਕਾਰੀ ਖਜ਼ਾਨੇ ਨੂੰ ਸਿਰਫ 35 ਤੋਂ 40 ਕਰੋੜ ਰੁਪਏ ਦੇ ਕਰੀਬ ਸਾਲਾਨਾ ਆਮਦਨ ਹੁੰਦੀ ਸੀ ਜਦਕਿ ਮੌਜੂਦਾ ਸਮੇਂ ਇਹ 10 ਗੁਣਾਂ ਦੇ ਲਗਭਗ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸਿਰਫ ਆਪਣੀਆਂ ਜੇਬਾਂ ਭਰੀਆਂ ਅਤੇ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ। ਸਰਕਾਰੀਆ ਨੇ ਕਿਹਾ ਕਿ ਸੁਖਬੀਰ ਨੂੰ ਪਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਸਰਕਾਰ ਦੇ ਮੁਕਾਬਲੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਾਈਨਿੰਗ ਦੇ ਕੰਮ ਵਿਚ ਲਿਆਂਦੀ ਪਾਰਦਰਸ਼ਤਾ ਦਾ ਮੁੱਦਾ ਉੱਭਰੇਗਾ। ਇਸ ਲਈ ਸੁਖਬੀਰ ਆਪਣਾ ਬਚਾ ਕਰਨ ਲਈ ਅਜਿਹੇ ਫਜ਼ੂਲ ਦੌਰੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿਨ੍ਹਾਂ ਸਾਈਟਾਂ `ਤੇ ਜਾ ਕੇ ਉਹ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾ ਰਿਹਾ ਹੈ ਅਸਲ ਵਿਚ ਇਹ ਅਕਾਲੀਆਂ ਦੀ ਹੀ ਦੇਣ ਹੈ। ਜਦਕਿ ਕਾਂਗਰਸ ਸਰਕਾਰ ਨੇ ਤਾਂ ਮਾਈਨਿੰਗ ਦਾ ਠੇਕਾ ਲੈਣ ਵਾਲਿਆਂ ਨੂੰ ਪਹਿਲਾਂ ਹੀ ਚੰਗੀ ਆਮਦਨ ਲਈ ਨੀਤੀਗਤ ਸ਼ਰਤਾਂ ਤੈਅ ਕੀਤੀਆਂ ਹੋਈਆਂ ਹਨ ਅਤੇ ਠੇਕੇਦਾਰ ਕਾਨੂੰਨੀ ਢੰਗ ਨਾਲ ਖਣਨ ਕਰਕੇ ਚੰਗਾ ਮੁਨਾਫਾ ਖੱਟ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਵੀ ਰੇਤ ਵਾਜਬ ਭਾਅ ਉੱਤੇ ਮਿਲ ਰਹੀ ਹੈ। ਸੁਖਬਿੰਦਰ ਸਿੰਘ ਸਰਕਾਰੀਆ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਖੱਡਾਂ ਬਾਬਤ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਗਲਤ ਤੱਥਾਂ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਅਕਾਲੀ ਸਰਕਾਰ ਦੇ ਸਮੇਂ ਦੀਆਂ ਹਨ ਜਿਸ `ਤੇ ਵਿਭਾਗ ਵਲੋਂ ਪਹਿਲਾ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਬਾਬਤ ਮਾਈਨਿੰਗ ਅਫਸਰ, ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਕਿ ਜੋ ਮਾਈਨਿੰਗ/ਟੋਏ ਸੁਖਬੀਰ ਸਿੰਘ ਬਾਦਲ ਵੱਲੋਂ ਦਿਖਾਏ ਗਏ ਹਨ, ਉਹ ਸਾਲ 2016 ਤੋਂ ਪਹਿਲਾ ਦੇ ਹਨ, ਜਿਸ `ਤੇ ਵਿਭਾਗ ਵਲੋਂ ਪਹਿਲਾ ਹੀ ਲੋੜੀਂਦੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਜਗ੍ਹਾਂ ਦਾ ਦੌਰਾ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਉਹ ਸਾਈਟਾਂ ਸਾਲ 2008 ਅਤੇ 2011 ਵਿੱਚ ਪੰਜਾਬ ਸਰਕਾਰ ਵਲੋਂ ਆਕਸ਼ਨ `ਤੇ ਰਹੀਆ ਹਨ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪਿੰਡ ਜੀਵਨਵਾਲ ਦੇ ਵਿੱਚ 14,54,400 ਰੁਪਏ, ਪਿੰਡ ਬਰਿਆਣਾ `ਚ 40,43,400 ਰੁਪਏ, ਪਿੰਡ ਧਾਮਿਆ `ਚ 2,30,010 ਰੁਪਏ ਅਤੇ ਪਿੰਡ ਸੰਧਵਾਲ `ਚ 2,23,350 ਰੁਪਏ ਦੇ ਰਿਕਵਰੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਪਿੰਡ ਬਰਿਆਣਾ ਤੋਂ 1,11,990 ਰੁਪਏ, ਪਿੰਡ ਸੰਧਵਾਲ ਤੋਂ 1,92,000 ਰੁਪਏ ਅਤੇ ਪਿੰਡ ਜੀਵਨਵਾਲ ਤੋਂ 3,03,407 ਰੁਪਏ ਦੀ ਰਿਕਵਰੀ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬਰਿੰਗਲੀ ਵਿਖੇ ਵੀ 1,56,35,760 ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਵਲੋਂ ਕਰੀਬ 5,36,59,620 ਰੁਪਏ ਦੇ ਨੋਟਿਸ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਬੁਲਾਰੇ ਅਨੁਸਾਰ ਸੁਖਬੀਰ ਸਿੰਘ ਬਾਦਲ ਵਲੋਂ ਜਿਨ੍ਹਾਂ ਲੀਗਲ ਸਾਈਟਾਂ ਦਾ ਮੌਕਾ ਦੇਖਿਆ ਗਿਆ ਉਹ ਸਾਈਟਾਂ ਸਰਕਾਰ ਵਲੋਂ ਈ-ਆਕਸ਼ਨ ਰਾਹੀਂ ਬਲਾਕ ਨੰਬਰ 4 ਪ੍ਰਾਈਮ ਵੀਜਨ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ, 312 ਤੀਜੀ ਮੰਜਿਲ, ਵਿਸ਼ਾਲ ਚੈਂਬਰ ਪੀ-1, ਸੈਕਟਰ-18, ਨੋਇਡਾ ਨੂੰ ਠੇਕੇ `ਤੇ ਦਿੱਤੀਆ ਹੋਈਆ ਹਨ। ਇਨ੍ਹਾਂ ਸਾਈਟਾਂ ਤੋਂ ਮੌਕੇ `ਤੇ ਕੋਈ ਗੈਰ ਕਾਨੂੰਨੀ ਮਾਈਨਿੰਗ ਨਹੀਂ ਪਾਈ ਗਈ ਅਤੇ ਨਾ ਹੀ ਕੋਈ ਮਸ਼ੀਨਰੀ ਮਿਲੀ ਹੈ।  

More from this section