ਚੰਡੀਗੜ੍ਹ

ਸੀਟੀਯੂ ਮੁਲਾਜ਼ਮਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 04
ਸੀ.ਟੀ.ਯੂ. ਕੰਡਕਟਰਜ਼ ਯੂਨੀਅਨ ਦੀ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੈਕਟਰ 25 ਸਥਿਤ ਡਿਪੂ ਨੰਬਰ 3 ਵਿੱਚ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਯੂਨਾਈਟਿਡ ਫਰੰਟ ਆਫ਼ ਮਾਸ ਆਰਗੇਨਾਈਜ਼ੇਸ਼ਨ ਦੇ ਬੈਨਰ ਹੇਠ 6 ਸਤੰਬਰ ਨੂੰ ਕੀਤੇ ਜਾ ਰਹੇ ਗਵਰਨਰ ਹਾਊਸ ਦੇ ਘਿਰਾਓ ਵਿੱਚ ਯੂਨੀਅਨ ਵੀ ਸ਼ਮੂਲੀਅਤ ਕਰੇਗੀ। ਮੀਟਿੰਗ ਵਿੱਚ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਜਨਰਲ ਸਕੱਤਰ ਸਤਿੰਦਰ ਸਿੰਘ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਸੀਟੀਯੂ ਨੂੰ ਸਾਜ਼ਿਸ਼ ਅਧੀਨ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਜਾ ਰਿਹਾ ਹੈ ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬਿਜਲੀ ਬੱਸਾਂ ਪ੍ਰਾਈਵੇਟ ਕੰਪਨੀ ਤੋਂ ਕਿਲੋਮੀਟਰ ਸਕੀਮ ਦੇ ਅਧੀਨ ਖਰੀਦ ਕੇ ਅਦਾਰੇ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸੀ.ਟੀ.ਯੂ. ਕੋਲ 21 ਕਰੋੜ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਕੰਡਮ ਬੱਸਾਂ ਦੀ ਥਾਂ ਮਨਜ਼ੂਰ ਹੋਈਆਂ 41 ਨਵੀਆਂ ਐਚ.ਵੀ.ਏ.ਸੀ. ਬੱਸਾਂ ਦੇ ਟੈਂਡਰ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਅਤੇ ਸੀ.ਟੀ.ਯੂ. ਦੇ ਮਨਜੂਰਸ਼ੁਦਾ 417 ਬੱਸਾਂ ਦੇ ਫਲੀਟ ਨੂੰ ਖੋਰਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨ 1991 ਤੋਂ ਬਾਅਦ ਆਦਾਰੇ ਵਿੱਚ ਵਰਕਸ਼ਾਪ ਸਟਾਫ਼ ਦੀ ਭਰਤੀ ਅਤੇ ਲੰਮੇ ਸਮੇਂ ਤੋਂ ਡਰਾਈਵਰ ਤੇ ਕੰਡਕਟਰ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਦਕਿ ਇਸ ਦੇ ਉਲਟ ਪ੍ਰਾਈਵੇਟ ਠੇਕੇਦਾਰ ਅਧੀਨ ਪਿਛਲੇ ਦਰਵਾਜ਼ੇ ਰਾਹੀਂ ਤਕਰੀਬਨ 1200 ਕੱਚੇ ਕਾਮੇ ਭਰਤੀ ਕਰਕੇ ਠੇਕੇਦਾਰੀ ਸਿਸਟਮ ਨੂੰ ਲਾਭ ਦਿੱਤਾ ਜਾ ਰਿਹਾ ਹੈ ਅਤੇ ਕੱਚੇ ਕਾਮਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਆਊਟਸੋਰਸਿੰਗ ਮੁਲਾਜ਼ਮਾਂ ਤੋਂ ਠੇਕੇਦਾਰ ਰਿਸ਼ਵਤ ਦੀ ਮੰਗ ਕਰਦੇ ਰਹਿੰਦੇ ਹਨ। ਮਸ਼ੀਨਾਂ ਦੀਆਂ ਖਾਮੀਆਂ ਨੂੰ ਲੈ ਕੇ ਕੰਡਕਟਰ ਸਟਾਫ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਉਕਤ ਮੰਗਾਂ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ 6 ਸਤੰਬਰ ਨੂੰ ਕੀਤੇ ਜਾ ਰਹੇ ਗਵਰਨਰ ਹਾਊਸ ਦੇ ਘਿਰਾਓ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਤੋਂ ਮੰਗਾਂ ਅਤੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ।