ਫ਼ਿਲਮੀ ਗੱਲਬਾਤ

ਸਿੱਧੂ ਮੂਸੇ ਵਾਲਾ ਦੀਆਂ ਦੋ ਫ਼ਿਲਮਾਂ, ਹੁਣ ‘ਮੂਸਾ ਜੱਟ’ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਜੂਨ 19
ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਦੀ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਸੀ। ਇਹ ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ਸੀ, ਜਿਸ ਦੀ ਸ਼ੂਟਿੰਗ ਸਿੱਧੂ ਨੇ ਕਾਫੀ ਸਮਾਂ ਪਹਿਲਾਂ ਪੂਰੀ ਕਰ ਲਈ ਹੈ ਤੇ ਇਸ ’ਚ ਉਹ ਮੈਂਡੀ ਤੱਖਰ ਦੇ ਆਪੋਜ਼ਿਟ ਨਜ਼ਰ ਆਉਣ ਵਾਲੇ ਹਨ। ਉਥੇ ਹੁਣ ਸਿੱਧੂ ਮੂਸੇ ਵਾਲਾ ਦੀ ਇਕ ਹੋਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਂ ਹੈ ‘ਮੂਸਾ ਜੱਟ’। ਖ਼ਾਸ ਗੱਲ ਇਹ ਹੈ ਕਿ ‘ਯੈੱਸ ਆਈ ਐਮ ਸਟੂਡੈਂਟ’ ਨੂੰ ਸਿੱਧੂ ਦੀ ਡੈਬਿਊ ਫ਼ਿਲਮ ਮੰਨਿਆ ਜਾ ਰਿਹਾ ਸੀ ਕਿਉਂਕਿ ਉਸ ਦੀ ਸ਼ੂਟਿੰਗ ਵੀ ਪਹਿਲਾਂ ਕੀਤੀ ਜਾ ਚੁੱਕੀ ਹੈ ਪਰ ਰਿਲੀਜ਼ ਦੇ ਮਾਮਲੇ ’ਚ ‘ਮੂਸਾ ਜੱਟ’ ‘ਯੈੱਸ ਆਈ ਐਮ ਸਟੂਡੈਂਟ’ ਤੋਂ ਅੱਗੇ ਨਿਕਲ ਗਈ ਹੈ। ਜੀ ਹਾਂ, ਜਿਥੇ ‘ਯੈੱਸ ਆਈ ਐਮ ਸਟੂਡੈਂਟ’ 22 ਅਕਤੂਬਰ, 2021 ਨੂੰ ਰਿਲੀਜ਼ ਹੋਣੀ ਹੈ, ਉਥੇ ‘ਮੂਸਾ ਜੱਟ’ ਅਕਤੂਬਰ ਮਹੀਨੇ ਦੀ 1 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਭਾਵ ਸਿੱਧੂ ਦੀਆਂ ਦੋ ਫ਼ਿਲਮਾਂ ਇਸ ਸਾਲ ਅਕਤੂਬਰ ਮਹੀਨੇ ਰਿਲੀਜ਼ ਹੋਣਗੀਆਂ। ਇਸ ਗੱਲ ਦੀ ਜਾਣਕਾਰੀ ‘ਮੂਸਾ ਜੱਟ’ ’ਚ ਸਿੱਧੂ ਦੀ ਅਦਾਕਾਰਾ ਬਣੀ ਸਵੀਤਾਜ ਬਰਾੜ ਨੇ ਸਾਂਝੀ ਕੀਤੀ ਹੈ। ਸਵੀਤਾਜ ਨੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਤੇ ਨਾਲ ਲਿਿਖਆ, ‘ਤਾਰੀਖ਼ ਨੋਟ ਕਰ ਲਓ। ਤੁਹਾਨੂੰ ‘ਮੂਸਾ ਜੱਟ’ ਨਾਲ ਸਿਨੇਮਾਘਰਾਂ ’ਚ ਮਿਲਾਂਗੇ।’ ਹੁਣ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਸਿੱਧੂ ਦੇ ਪ੍ਰਸ਼ੰਸਕ ਉਸ ਦੀ ਕਿਹੜੀ ਫ਼ਿਲਮ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਦੱਸ ਦੇਈਏ ਕਿ ਦੋਵਾਂ ਹੀ ਫ਼ਿਲਮਾਂ ’ਚੋਂ ਕਿਸੇ ਦਾ ਪੋਸਟਰ ਤੇ ਰਿਲੀਜ਼ ਡੇਟ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਹੁਣ ਤਕ ਸਾਂਝੀ ਨਹੀਂ ਕੀਤੀ ਹੈ।