ਪੰਜਾਬ

ਸਿਹਤ ਮੰਤਰੀ ਨੇ ਲੋਕਾਂ ਨੂੰ ਸਿਹਤ ਸੰਭਾਲ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ

ਫ਼ੈਕ੍ਟ ਸਮਾਚਾਰ ਸੇਵਾ
ਐਸ.ਏ.ਐਸ. ਨਗਰ, ਸਤੰਬਰ 06
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਰਾਜ ਦੇ ਲੋਕਾਂ ਦੇ ਜੀਵਨ ਵਿੱਚ ਅਹਿਮ ਤਬਦੀਲੀ ਆਈ ਹੈ ਕਿਉਂਕਿ ਲੋਕਾਂ ਨੂੰ ਹੁਣ ਪੰਜ ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਮਿਲ ਜਾਂਦਾ ਹੈ। ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੰਭਾਲ ਤੇ ਸਿੱਖਿਆ ਖੇਤਰਾਂ ਵਿੱਚ ਮਿਸਾਲੀ ਕਦਮ ਚੁੱਕੇ ਹਨ, ਜਿਸ ਨਾਲ ਦੋਵੇਂ ਖੇਤਰਾਂ ਵਿੱਚ ਸੂਬਾ ਪਹਿਲੀ ਕਤਾਰ ਵਿੱਚ ਖੜ੍ਹਾ ਹੈ। ਸਿਹਤ ਸੰਭਾਲ ਖੇਤਰ ਵਿੱਚ ਕੋਵਿਡ ਨਾਲ ਸਿੱਝਣ ਵਿੱਚ ਦਿਖਾਏ ਹੌਸਲੇ ਤੇ ਦ੍ਰਿੜ੍ਹਤਾ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਹੋਈ, ਜਦੋਂ ਕਿ ਸਿੱਖਿਆ ਪੱਖੋਂ ਵੀ ਪੰਜਾਬ ਪੂਰੇ ਮੁਲਕ ਵਿੱਚੋਂ ਪਹਿਲੇ ਨੰਬਰ ਉਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੁੱਗਣੀਆਂ ਕਰ ਕੇ ਆਪਣਾ ਵੱਡਾ ਚੋਣ ਵਾਅਦਾ ਪੂਰਾ ਕੀਤਾ ਹੈ। ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਪਿੰਡ ਰਾਏਪੁਰ ਕਲਾਂ ਵਿੱਚ 37.56 ਲੱਖ ਰੁਪਏ ਨਾਲ ਬਣੀ ਫਿਰਨੀ ਦਾ ਉਦਘਾਟਨ ਕੀਤਾ ਅਤੇ ਸ਼ਮਸਾਨਘਾਟ ਦੇ ਸ਼ੈੱਡ ਤੇ ਚਾਰਦੀਵਾਰੀ ਲਈ 7.50 ਲੱਖ ਰੁਪਏ ਤੇ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ। ਕੈਬਨਿਟ ਮੰਤਰੀ ਨੇ ਪਿੰਡ ਭਾਗੋਮਾਜਰਾ ਦੇ ਕਮਿਊਨਿਟੀ ਸੈਂਟਰ ਵਾਸਤੇ 15 ਲੱਖ ਰੁਪਏ, ਗਲੀਆਂ-ਨਾਲੀਆਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ 1 ਲੱਖ ਰੁਪਏ, ਸ਼ਮਸ਼ਾਨਘਾਟ ਦੀ ਚਾਰਦੀਵਾਰੀ ਵਾਸਤੇ 2 ਲੱਖ ਰੁਪਏ, ਵਾਲਮੀਕ ਧਰਮਸ਼ਾਲਾ ਦੀ ਮੁਰੰਮਤ ਵਾਸਤੇ 3 ਲੱਖ ਰੁਪਏ, ਮੌਜਪੁਰ ਦੀਆਂ ਗਲੀਆਂ-ਨਾਲੀਆਂ ਵਾਸਤੇ 3 ਲੱਖ ਰੁਪਏ, ਗਰਾਊਂਡ ਦੀ ਚਾਰਦੀਵਾਰੀ ਵਾਸਤੇ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਵਾਸਤੇ 1 ਲੱਖ, ਜਨਰਲ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ, ਗਿੱਦੜਪੁਰ ਵਿੱਚ ਗਲੀਆਂ-ਨਾਲੀਆਂ ਵਾਸਤੇ 3.50 ਲੱਖ, ਐਸ.ਸੀ. ਧਰਮਸ਼ਾਲਾ ਦੀ ਮੁਰੰਮਤ ਵਾਸਤੇ 5 ਲੱਖ, ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 3 ਲੱਖ ਅਤੇ ਫਿਰਨੀ ਲਈ 28.85 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਸਿੱਧੂ ਨੇ ਪਿੰਡ ਸੈਦਪੁਰ ਵਿੱਚ ਸ਼ਮਸ਼ਾਨਘਾਟ ਦੇ ਸ਼ੈੱਡ ਲਈ 2.50 ਲੱਖ, ਆਂਗਨਵਾੜੀ ਸੈਂਟਰ ਲਈ 7.50 ਲੱਖ ਰੁਪਏ ਅਤੇ ਪਿੰਡ ਚੱਪੜਚਿੜੀ ਖੁਰਦ ਵਿੱਚ ਗਲੀਆਂ ਨਾਲੀਆਂ ਵਾਸਤੇ 5.50 ਲੱਖ ਰੁਪਏ ਤੇ ਆਊਟਫਾਲ ਡਰੇਨ ਨਾਲ ਲਈ 6.43 ਲੱਖ ਰੁਪਏ ਦੀ ਗਰਾਂਟ ਦਿੱਤੀ। ਇਸ ਦੌਰੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੇ ਸ. ਸਿੱਧੂ ਦਾ ਸਨਮਾਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਖਰੜ, ਗੁਰਵਿੰਦਰ ਸਿੰਘ ਬੜੀ, ਜਸਪ੍ਰੀਤ ਸਿੰਘ ਜੱਸਾ ਸਰਪੰਚ ਰਾਏਪੁਰ ਕਲਾਂ, ਰਾਜਿੰਦਰ ਸਿੰਘ ਰਾਏਪੁਰ ਕਲਾਂ, ਹਰਭਜਨ ਸਿੰਘ ਤਾਰਾ, ਅਵਤਾਰ ਸਿੰਘ ਤਾਰੀ ਸਰਪੰਚ ਭਾਗੋਮਾਜਰਾ, ਬਲਜੀਤ ਸਿੰਘ ਭਾਗੋਮਾਜਰਾ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਮੰਗਾ ਸਿੰਘ ਸਰਪੰਚ ਮੌਜਪੁਰ, ਬਲਬੀਰ ਸਿੰਘ ਸਾਬਕਾ ਸਰਪੰਚ ਮੌਜਪੁਰ, ਜਸਵਿੰਦਰ ਸਿੰਘ ਭੱਪਾ ਸਰਪੰਚ ਗਿੱਦੜਪੁਰ, ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ, ਬਲਬੀਰ ਕੌਰ ਸਰਪੰਚ ਸੈਦਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਗੋਲਡੀ, ਰਾਜਬੀਰ ਕੌਰ ਸਰਪੰਚ ਚੱਪੜਚਿੜੀ ਖੁਰਦ ਅਤੇ ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ ਖੁਰਦ ਹਾਜ਼ਰ ਸਨ।