ਪੰਜਾਬ

ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਵਿਸੇਸ ਬਜਟ ਪ੍ਰਬੰਧਾਂ ਦਾ ਐਲਾਨ ਕਰਨ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ,  ਮਈ 6
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਵਿੱਤ ਮੰਤਰੀ ਤੇ ਸਿਹਤ ਵਿਭਾਗ ਦੀ ਵਿਸੇਸ ਮੀਟਿੰਗ ਸੱਦਣ ਅਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਵਿਸੇਸ ਬਜਟ ਪ੍ਰਬੰਧਾਂ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਿਹਤ ਢਾਂਚਾ ਮਜਬੂਤ ਕਰਨ ਦੀ ਜਰੂਰਤ ਹੈ। ਇਸ ਲਈ ਮੁੁੱਖ ਮੰਤਰੀ ਵਿਸੇਸ ਬਜਟ ਪ੍ਰਬੰਧਾਂ ਦਾ ਐਲਾਨ ਕਰਨ, ਜਿਸ ਨਾਲ ਹਸਪਤਾਲਾਂ ‘ਚ ਸਿਹਤ ਸਹੂਲਤਾਂ ਦਾ ਵਿਕਾਸ, ਨਵੀਆਂ ਭਰਤੀਆਂ ਕਰਨ ਸਮੇਤ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਸਰਕਾਰੀ ਹਸਪਤਾਲਾਂ ਵਿੱਚ ਉਚ ਪੱਧਰੀ ਸਿਹਤ ਸਹੂਲਤਾਂ ਨਾ ਹੋਣ ਕਾਰਨ ਡਾਕਟਰ ਅਸਤੀਫੇ ਦੇ ਰਹੇ ਹਨ, ਜੋ ਬਹੁਤ ਮੰਦਭਾਗਾ ਹੈ। ਡਾਕਟਰਾਂ ਸਮੇਤ ਹੋਰ ਮੈਡੀਕਲ ਸਟਾਫ ਦਾ ਮਨੋਬਲ ਟੁੱਟਣ ਤੋਂ ਬਚਾਇਆ ਜਾਵੇ ਅਤੇ ਨਿਜੀ ਹਸਪਤਾਲਾਂ ਦੀ ਲੁੱਟ ਰੋਕਣ ਲਈ ਸਰਕਾਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਮਾਨ ਨੇ ਕਿਹਾ ਕਿ ਸਿਰਫ਼ ਆਕਸੀਜਨ ਉਤਪਾਦਨ ਨੂੰ ਤਰਜੀਹੀ ਖੇਤਰ ਦਾ ਦਰਜ਼ਾ ਦੇਣ ਨਾਲ ਨਹੀਂ, ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਨਾਲ ਹੀ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ। ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਮੱਦੇਨਜਰ ਪੰਜਾਬ ਸਰਕਾਰ ਨੂੰ ਸਿਹਤ ਦੇ ਖੇਤਰ ਪ੍ਰਤੀ ਆਪਣੇ ਰਵੱਈਏ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਨਿਜੀ ਹਸਪਤਾਲਾਂ ਦੇ ਵਿਰੁੱਧ ਨਹੀਂ ਹਨ, ਪਰ ਸ਼ੋਸ਼ਣ ਦੇ ਵਿਰੁੱਧ ਹਾਂ। ਇੱਕ ਪਾਸੇ ਨਿੱਜੀ ਹਸਪਤਾਲ ਕੋਰੋਨਾ ਦੇ ਮਰੀਜ ਤੋਂ ਲੱਖਾਂ ਰੁਪਏ ਇਲਾਜ ਦੇ ਨਾਂ ‘ਤੇ ਲੈ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਵੈਂਟੀਲੇਟਰ ਨਿਜੀ ਹਸਪਤਾਲਾਂ ਨੂੰ ਦਿੱਤੇਂ ਜਾ ਰਹੇ ਹਨ। ਲੱਖਾਂ ਰੁਪਏ ਦੇ ਇਲਾਜ ਆਮ ਲੋਕਾਂ ਦੀ ਜੇਬ੍ਹ ਤੋਂ ਬਾਹਰ ਹਨ। ਸੂਬੇ ‘ਚ ਰਹੀਆਂ ਬਾਦਲ ਅਤੇ ਕੈਪਟਨ ਸਰਕਾਰਾਂ ਦੀ ਨਾਕਾਮੀ ਆਮ ਲੋਕਾਂ ਦੀਆਂ ਜਾਨਾਂ ‘ਤੇ ਭਾਰੀ ਪੈ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਬਾਦਲ ਤੇ ਹੁਣ ਕੈਪਟਨ ਨੇ ਸਰਕਾਰੀ ਤੰਤਰ ਦਾ ਭੱਠਾ ਬਿਠਾ ਦਿੱਤਾ ਹੈ। ਬਾਦਲਾਂ ਨੇ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ਼ ਸਰਕਾਰੀ, ਸਗੋਂ ਸ਼ਿਰੋਮਣੀ ਕਮੇਟੀ ਦੇ ਹਸਪਤਾਲਾਂ ਦਾ ਵੀ ਭੱਠਾ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਆਧੁਨਿਕ ਹਸਪਤਾਲਾਂ ਦੀ ਸਥਾਪਨਾ ਦੀ ਲੋੜ ‘ਤੇ ਜੋਰ ਦਿੱਤਾ, ਜਿਥੇ ਮਰੀਜਾਂ ਦਾ ਮੁਫਤ ‘ਚ ਇਲਾਜ ਹੋਵੇ।