ਪੰਜਾਬ

ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹਿਲੇ ਮਰੀਜ਼ ਦੀ ਥੈਰੇਪੀ ਸ਼ੁਰੂ 

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਅਕਤੂਬਰ 09
ਜ਼ਿਲ੍ਹੇ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਹੀਮੋਫੀਲੀਆ ਦੇ ਮਰੀਜ਼ਾਂ ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਹੈ।ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਹੀਮੋਫੀਲੀਆ ਦੇ ਪਹਿਲੇ ਮਰੀਜ਼ ਨੂੰ ਐਂਟੀ ਹੀਮੋਫੀਲੀਆ ਫੈਕਟਰ-9 ਦੀ ਡੋਜ ਦਿੱਤੀ ਗਈ।ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਹ ਬਿਮਾਰੀ ਜਨਮ ਤੋਂ ਹੀ ਫੈਕਟਰ- 8 ਅਤੇ 9 ਦੀ ਘਾਟ ਕਾਰਨ ਹੁੰਦੀ ਹੈ ਅਤੇ ਵਧਦੀ ਉਮਰ ਨਾਲ ਭਾਰ ਸਹਿਣ ਵਾਲੇ ਜੋੜਾਂ ਵਿੱਚ ਖੂਨ ਇਕੱਠਾ ਹੋਣ ਲੱਗਦਾ ਹੈ। ਨਿੱਕੀ ਮੋਟੀ ਸੱਟ ਲੱਗਣ ਨਾਲ ਖ਼ੂਨ ਨਿਰੰਤਰ ਵਗਦਾ ਰਹਿੰਦਾ ਹੈ। ਹੀਮੋਫੀਲੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਖ਼ੂਨ ਦਾ ਥੱਕਾ ਨਹੀਂ ਬਣਦਾ। ਇਹ ਖ਼ੂਨ ਨਾੜੀਆਂ, ਜਮਾਊਤੰਤਰ ਜਾਂ ਖ਼ੂਨ ਪਲੇਟਲੈਟਸ ‘ਚ ਦੋਸ਼ ਕਾਰਨ ਹੁੰਦਾ ਹੈ। ਹੀਮੋਫੀਲੀਆ ਦੇ ਮਰੀਜ਼ ਦੇ ਖੂਨ ਨਿਕਲਣ ’ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ਼ ਦੀ ਬਲੀਡਿੰਗ ਜ਼ਿਆਦਾ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਖਤਰਾ ਵੀ ਬਣਿਆ ਰਹਿੰਦਾ ਹੈ।ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਮਿਆਰੀ ਸਿਹਤ ਸੁਵਿਧਾਵਾਂ ਵਿੱਚ ਨਿਰੰਤਰ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹੇ ਦੇ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਖ਼ਬਰ ਹੈ, ਕਿਉਂਕਿ ਇਸ ਬਿਮਾਰੀ ਦੇ ਇਲਾਜ ਲਈ ਮਰੀਜ਼ਾਂ ਨੂੰ ਪਹਿਲਾਂ ਲੱਖਾਂ ਰੁਪਏ ਖਰਚ ਕਰਨਾ ਪੈਂਦਾ ਸੀ ਪਰ ਹੁਣ ਇਹ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।ਡਾ. ਕੌਰ ਨੇ ਦੱਸਿਆ ਕਿ ਹੀਮੋਫੀਲੀਆ ਦਾ ਜ਼ਿਲ੍ਹੇ ਦਾ ਕੋਈ ਵੀ ਮਰੀਜ਼ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸੰਪਰਕ ਕਰਵਾ ਕੇ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ। ਹਸਪਤਾਲ ਵਿੱਚ ਹੋਮੀਫੀਲੀਆ ਦੇ ਮਰੀਜਾਂ ਨੂੰ ਐਂਟੀ ਹੀਮੋਫੀਲਆ ਫੈਕਟਰ ਮੁਫ਼ਤ ਉਪਲਬੱਧ ਕਰਵਾਏ ਜਾਣਗੇ ਅਤੇ 24*7 ਸੁਵਿਧਾ ਉਪਲੱਬਧ ਕਰਵਾਈ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।