ਪੰਜਾਬ

ਸਿਵਲ ਸਰਜਨ ਦਫਤਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਦੇ ਸੰਦਰਭ ਵਿਚ ਲਗਾਏ ਗਏ ਫਲਦਾਰ ਬੂਟੇ

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ ਜੂਨ 7
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਨਵਾਂਸ਼ਹਿਰ ਵਿਖੇ ਅੱਜ ਫਲਦਾਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਦਾ ਮੁੱਖ ਵਿਸ਼ਾ ‘ਵਾਤਾਵਰਨ ਪ੍ਰਣਾਲੀ ਨੂੰ ਮੁੜ ਬਹਾਲ ਕਰਨਾ’ ਹੈ।
ਇਸ ਮੌਕੇ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਆਲਮੀ ਤਪਸ਼ ਨੂੰ ਘਟਾਉਣ ਲਈ ਪੌਦੇ ਲਗਾ ਕੇ ਹਰ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਧਰਤੀ ਨੂੰ ਵੱਧ ਤੋਂ ਵੱਧ
ਹਰਿਆਲੀ ਦੇ ਘੇਰੇ ਵਿਚ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕੀਤੀ।
ਡਾ. ਕਪੂਰ ਨੇ ਵਾਤਾਵਰਨ ਪ੍ਰਣਾਲੀ ਦੀ ਰਾਖੀ ਲਈ ਹਰੇਕ ਨਾਗਰਿਕ ਨੂੰ ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਾਤਾਵਰਨ ਪ੍ਰਣਾਲੀ ਦੇ ਪਤਨ ਨੂੰ ਰੋਕਣ ਦੀ ਬੇਹੱਦ ਸਖਤ ਜ਼ਰੂਰਤ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੰਢਣਸਾਰ ਵਾਤਾਵਰਨ
ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਦੀ ਹਰ ਕੀਮਤ ’ਤੇ ਰੱਖਿਆ ਕਰਨੀ ਚਾਹੀਦੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਜਸਦੇਵ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ ਨੇ ਆਮ ਲੋਕਾਂ ਨੂੰ ਦੂਸ਼ਿਤ ਵਾਤਾਵਰਨ ਅਤੇ ਪ੍ਰਦੂਸ਼ਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦਾ ਵੱਧ ਰਿਹਾ ਪੱਧਰ ਵਾਤਾਵਰਨ ਦੇ ਨਾਲ-ਨਾਲ
ਮਨੁੱਖਾਂ ਲਈ ਵੀ ਖਤਰਾ ਬਣਦਾ ਜਾ ਰਿਹਾ ਹੈ। ਇਸ ਕਾਰਨ ਲੋਕ ਕਈ ਕਿਸਮਾਂ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ।
ਇਸ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਾਕੇਸ਼ ਚੰਦਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਜਵਿੰਦਰਵੰਤ ਸਿੰਘ ਬੈਂਸ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਧਰਤੀ ਨੂੰ ਵੱਧ ਤੋਂ ਵੱਧ ਹਰਿਆਲੀ ਦੇ ਘੇਰੇ ਵਿਚ
ਲਿਆਉਣ ਲਈ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਹਰੇਕ ਵਿਅਕਤੀ ਨੂੰ ਇਸ ਗੱਲ ਲਈ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਆਪਣੇ ਘਰ ਅਤੇ ਆਂਢ-ਗੁਆਂਢ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਕੀ ਕੁਝ ਕਰ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਪੀਏ ਅਜੇ ਕੁਮਾਰ, ਹਰਜੋਧ ਸਿੰਘ  ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।