ਹਰਿਆਣਾ

ਸਿਰਸਾ ਵਿਚ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਫ਼ੈਕ੍ਟ ਸਮਾਚਾਰ ਸੇਵਾ
ਸਿਰਸਾ, ਅਗਸਤ 23
ਸਿਰਸਾ ਜ਼ਿਲ੍ਹੇ ਵਿੱਚ ਭਰਵਾਂ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਝੋਨੇ ਵਾਲੇ ਖੇਤਰ ’ਚ ਮੀਂਹ ਨੂੰ ਕਾਫੀ ਫਾਇਦੇਮੰਦ ਦੱਸਿਆ ਗਿਆ ਹੈ ਜਦੋਂਕਿ ਕੁਝ ਨਰਮੇ ਵਾਲੇ ਤੇ ਸਬਜ਼ੀ ਵਾਲੇ ਖੇਤਰ ’ਚ ਫ਼ਸਲਾਂ ਨੁਕਸਾਨੀਆਂ ਵੀ ਗਈਆਂ ਹਨ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਕੁਝ ਥਾਵਾਂ ’ਤੇ ਨਰਮੇਂ ਤੇ ਸਬਜ਼ੀਆਂ ਨੂੰ ਨੁਕਸਾਨ ਹੋਇਆ ਹੈ ਜਦੋਂਕਿ ਜ਼ਿਆਦਾਤਰ ਥਾਵਾਂ ’ਤੇ ਮੀਂਹ ਦਾ ਫ਼ਸਲਾਂ ਨੂੰ ਫਾਇਦਾ ਹੋਇਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਝੋਨੇ ਦੀ ਫ਼ਸਲ ਲਈ ਮੀਂਹ ਕਾਫੀ ਫਾਇਦੇਮੰਦ ਸਾਬਤ ਹੋਵੇਗਾ। ਮੀਂਹ ਪੈਣ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰਰਾਹਤ ਮਿਲੀ ਹੈ। ਉਧਰ ਸ਼ਹਿਰੀ ਖੇਤਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਸੜਕਾਂ ਤੇ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਮੀਂਹ ਦਾ ਪਾਣੀ ਸੜਕਾਂ ’ਤੇ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਵੱਡੇ ਤੜਕੇ ਤੋਂ ਦੁਪਹਿਰ ਤੱਕ ਇਸ ਖੇਤਰ ਵਿੱਚ ਹੋਈ ਭਰਵੀ ਬਾਰਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ ਹੈ ਅਤੇ ਝੋਨੇ ਦੀਆਂ ਫਸਲਾਂ ਨੂੰ ਸਿੰਚਾਈ ਦੀ ਸਹੂਲਤ ਮਿਲੀ ਹੈ, ਉਥੇ ਇਸ ਬਾਰਸ਼ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮੀਂਹ ਨਾਲ ਪਿੰਡਾਂ ਦੀਆਂ ਗਲੀਆਂ ਅਤੇ ਆਮ ਰਸਤੇ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਏ। ਛੱਪੜ ਨੱਕੋ ਨੱਕ ਭਰ ਕੇ ਪਾਣੀ ਦਾ ਬਹਾਅ ਨੀਵੇ ਥਾਵਾਂ ਵੱਲ ਹੋ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਬਾਹਰੀ ਚਾਰ ਦੀਵਰੀ ਦੀ ਕਾਫ਼ੀ ਹਿੱਸਾ ਮੀਂਹ ਦੇ ਪਾਣੀ ਨਾਲ ਢਹਿ ਢੇਰੀ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਸਕੂਲ ਮੀਂਹ ਦੇ ਪਾਣੀ ਦੀ ਮਾਰ ਹੇਠ ਅਕਸਰ ਹੀ ਆਉਂਦਾ ਰਹਿੰਦਾ ਹੈ। ਨਥਾਣਾ ਦੀਆਂ ਸਾਰੀਆਂ ਸੜਕਾ ਪਾਣੀ ਵਿੱਚ ਡੁੱਬਣ ਕਾਰਨ ਦੁਕਾਨਾਂ ਅਤੇ ਘਰਾਂ ਵਿੱਚ ਪਾਣੀ ਵੜ ਗਿਆ। ਇਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਿਜਲੀ ਸਪਲਾਈ ਅਤੇ ਟੈਲੀਫੋਨ ਸੇਵਾਵਾਂ ਦਿਨ ਭਰ ਠੱਪ ਰਹੀਆਂ।ਪੂਹਲਾ ਅਤੇ ਨਥਾਣਾ ਦਾ ਖੇਡ ਸਟੇਡੀਅਮ ਮੀਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਏ।

More from this section