ਪੰਜਾਬ

ਸਾਹਿਤਕਾਰਾਂ ਅਤੇ ਸਿੱਖਿਆ ਸਾਸ਼ਤਰੀਆਂ ਵੱਲੋਂ ਵਿਭਾਗ ਦੇ ਉਪਰਾਲੇ ਦੀ ਪ੍ਰਸੰਸਾ

ਫ਼ੈਕ੍ਟ ਸਮਾਚਾਰ ਸੇਵਾ
ਬਰਨਾਲਾ, ਜੁਲਾਈ 22
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੀ ਵਿਸ਼ੇਸ਼ ਵਿਭਾਗੀ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵੱਲੋਂ ਸਕੂਲਾਂ, ਧਾਰਮਿਕ ਸਥਾਨਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ “ਲਾਇਬ੍ਰੇਰੀ ਲੰਗਰ” ਲਗਾ ਕੇ ਵਿਦਿਆਰਥੀਆਂ ਨੂੰ ਪੁਸਤਕਾਂ ਵੰਡੀਆਂ ਗਈਆਂ।ਸਕੂਲਾਂ ਦੇ “ਲਾਇਬ੍ਰੇਰੀ ਲੰਗਰ” ਪ੍ਰਤੀ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਰਿਹਾ। “ਲਾਇਬ੍ਰੇਰੀ ਲੰਗਰਾਂ” ‘ਚ ਪਹੁੰਚੇ ਵਿਦਿਆਰਥੀਆਂ ਵੱਲੋਂ ਚਾਅ ਨਾਲ ਪੁਸਤਕਾਂ ਪ੍ਰਾਪਤ ਕੀਤੀਆਂ ਗਈਆਂ। ਸਰਕਾਰੀ ਸਕੂਲਾਂ ਦੀ “ਲਾਇਬ੍ਰੇਰੀ ਲੰਗਰ” ਮੁਹਿੰਮ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਖੁਦ ਲੰਗਰਾਂ ‘ਚ ਪਹੁੰਚ ਕੇ ਵਿਦਿਆਰਥੀਆਂ ਨੂੰ ਪੁਸਤਕਾਂ ਜਾਰੀ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਤਸ਼ਾਹ ਵਧਾਇਆ ਗਿਆ।ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਨੁਸਾਰ ਵੱਖ-ਵੱਖ ਥਾਵਾਂ ‘ਤੇ “ਲਾਇਬ੍ਰੇਰੀ ਲੰਗਰ” ਲਗਾ ਕੇ ਪੁਸਤਕਾਂ ਵੰਡੀਆਂ ਗਈਆਂ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ “ਲਾਇਬ੍ਰੇਰੀ ਲੰਗਰ” ਜਰੀਏ ਵਿਦਿਆਰਥੀਆਂ ਦੇ ਮਨਾਂ ਵਿੱਚ ਪੈਦਾ ਕੀਤੀ ਪੁਸਤਕਾਂ ਪੜ੍ਹਨ ਦੀ ਚੇਟਕ ਜਿੱਥੇ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਿਹਤਰੀਨ ਬਣਾਉਣ ਦਾ ਸਬੱਬ ਬਣੇਗੀ ਉੱਥੇ ਹੀ ਵਿਦਿਆਰਥੀਆਂ ਨੂੰ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਅੱਜ ਦੇ “ਲਾਇਬ੍ਰੇਰੀ ਲੰਗਰ” ‘ਚ ਜ਼ਿਲ੍ਹੇ ਦੇ ਹਰ ਸਿੱਖਿਆ ਅਧਿਕਾਰੀ ਅਤੇ ਕਰਮਚਾਰੀ ਸਮੇਤ ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤਾਂ, ਸਕੂਲ ਮੈਨੇਜਮੈਂਟ ਕਮੇਟੀਆਂ, ਕਲੱਬਾਂ ਅਤੇ ਸਮਾਜ ਦੀਆਂ ਮੋਹਤਬਰ ਸਖਸ਼ੀਅਤਾਂ ਵੱਲੋਂ ਸਵੈ-ਇੱਛਾ ਨਾਲ ਭਰਪੂਰ ਸਹਿਯੋਗ ਦਿੱਤਾ ਗਿਆ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਦੇ “ਲਾਇਬ੍ਰੇਰੀ ਲੰਗਰਾਂ” ਵਿੱਚੋ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਵੱਲੋਂ ਵੀ ਪੁਸਤਕਾਂ ਪ੍ਰਾਪਤ ਕੀਤੀਆਂ ਗਈਆਂ। ਸਰਕਾਰੀ ਸਕੂਲਾਂ ਵੱਲੋਂ “ਲਾਇਬ੍ਰੇਰੀ ਲੰਗਰ” ਜਰੀਏ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਉੱਘੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਅਤੇ ਸਿੱਖਿਆ ਸਾਸ਼ਤਰੀ ਅਸ਼ੋਕ ਭਾਰਤੀ ਨੇ ਕਿਹਾ ਕਿ ਇਹ ਉਪਰਾਲਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।ਵੱਖ-ਵੱਖ ਸਕੂਲਾਂ ਦੇ ਮੁਖੀਆਂ ਜਗਦੇਵ ਸਿੰਘ ਪ੍ਰਿੰਸੀਪਲ, ਡਾ. ਰਵਿੰਦਰ ਪਾਲ ਸਿੰਘ ਪ੍ਰਿੰਸੀਪਲ, ਬਰਜਿੰਦਰਪਾਲ ਸਿੰਘ ਪ੍ਰਿੰਸੀਪਲ, ਵਿਨਸੀ ਜਿੰਦਲ ਪ੍ਰਿੰਸੀਪਲ, ਸੋਨੀਆ ਹੈਡਮਿਸਟ੍ਰੈਸ, ਗੁਰਸੰਗੀਤ ਕੌਰ ਇੰਚਾਰਜ, ਇਕਬਾਲ ਕੌਰ ਉਦਾਸੀ ਪ੍ਰਿੰਸੀਪਲ, ਰੇਨੂੰ ਬਾਲਾ ਪ੍ਰਿੰਸੀਪਲ, ਰਾਕੇਸ਼ ਕੁਮਾਰ ਪ੍ਰਿੰਸੀਪਲ, ਦਿਨੇਸ਼ ਕੁਮਾਰ ਇੰਚਾਰਜ, ਨਿਧੀ ਸਿੰਗਲਾ ਹੈਡਮਿਸਟ੍ਰੈਸ, ਕੁਲਦੀਪ ਸਿੰਘ ਹੈਡਮਾਸਟਰ, ਜਸਵਿੰਦਰ ਸਿੰਘ ਹੈਡਮਾਸਟਰ, ਸੁਰੇਸ਼ਟਾ ਰਾਣੀ ਹੈਡਮਿਸਟ੍ਰੈਸ, ਅਨੂੰ ਬਾਲਾ ਹੈਡਟੀਚਰ,ਰੇਨੂ ਰਾਣੀ ਸੈਂਟਰ ਹੈਡ ਟੀਚਰ, ਨਿਸ਼ੀ ਰਾਣੀ ਹੈਡਟੀਚਰ,ਪਰਮਜੀਤ ਸਿੰਘ ਹੈਡਟੀਚਰ, ਅਮਰੀਕ ਸਿੰਘ ਹੈਡਟੀਚਰ ਅਤੇ ਰਿੰਪੀ ਰਾਣੀ ਹੈਡਟੀਚਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ਵੱਲੋਂ ਲਗਾਏ “ਲਾਇਬ੍ਰੇਰੀ ਲੰਗਰਾਂ” ਪ੍ਰਤੀ ਵਿਦਿਆਰਥੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਭਾਰੀ ਉਤਸ਼ਾਹ ਵਿਖਾਇਆ ਗਿਆ।