ਵਿਦੇਸ਼

ਸਾਊਦੀ ਅਰਬ ਦੇ ਏਅਰਪੋਰਟ ’ਤੇ ਡਰੋਨ ਹਮਲਾ, 8 ਲੋਕ ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ
ਇੰਟਰਨੈਸ਼ਨਲ ਡੈਸਕ ਅਗਸਤ 31
ਸਾਊਦੀ ਅਰਬ ਦੇ ਦੱਖਣ-ਪੱਛਮ ’ਚ ਸਥਿਤ ਇੱਕ ਏਅਰਪੋਰਟ ਉੱਤੇ ਬੰਬਾਂ ਨਾਲ ਭਰੇ ਡਰੋਨ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ’ਚ 8 ਲੋਕ ਜ਼ਖਮੀ ਹੋਏ ਹਨ ਅਤੇ ਏਅਰਪੋਰਟ ’ਤੇ ਖੜ੍ਹੇ ਯਾਤਰੀ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਸਾਊਦੀ ਅਰਬ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਯਮਨ ’ਚ ਹੂਤੀ ਵਿਦਰੋਹੀਆਂ ਖ਼ਿਲਾਫ ਚੱਲ ਰਹੀ ਜੰਗ ਵਿਚਾਲੇ ਸਾਊਦੀ ਅਰਬ ਉੱਤੇ ਇਹ ਤਾਜ਼ਾ ਹਮਲਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ 24 ਘੰਟਿਆਂ ’ਚ ਸਾਊਦੀ ਅਰਬ ਦੇ ਅਬਹਾ ਏਅਰਪੋਰਟ ’ਤੇ ਹੋਇਆ ਇਸ ਤਰ੍ਹਾਂ ਦਾ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਏਅਰਪੋਰਟ ’ਤੇ ਹੋਏ ਹਮਲੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਯਮਨ ’ਚ ਈਰਾਨ ਸਮਰਥਿਤ ਸ਼ੀਆ ਵਿਦਰੋਹੀਆਂ ਨਾਲ ਲੜ ਰਹੇ ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਨੇ ਹਮਲੇ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਗੱਠਜੋੜ ਨੇ ਇਹ ਵੀ ਨਹੀਂ ਦੱਸਿਆ ਕਿ ਇਸ ਹਮਲੇ ’ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਹਾਲਾਂਕਿ ਇਸ ਨੇ ਕਿਹਾ ਕਿ ਇਸ ਦੀਆਂ ਫੌਜਾਂ ਨੇ ਵਿਸਫੋਟਕ ਡਰੋਨ ਨੂੰ ਰੋਕਿਆ ਸੀ। 2015 ਤੋਂ ਹੂਤੀ ਵਿਦਰੋਹੀ ਸਾਊਦੀ ਅਰਬ ’ਚ ਗੱਠਜੋੜ ਫੌਜਾਂ ਨਾਲ ਲੜਾਈ ਲੜ ਰਹੇ ਹਨ। ਹੂਤੀ ਵਿਦਰੋਹੀ ਅਕਸਰ ਸਾਊਦੀ ਅਰਬ ਦੇ ਏਅਰਪੋਰਟਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।