ਪੰਜਾਬ

ਸਰਕਾਰੀ ਸਕੂਲ ਕੱਲਰ ਖੇੜਾ ਦੇ ਸਟਾਫ ਵਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰਕੇ ਸਕੂਲ ਦੀ ਸਵਾਰੀ ਜਾਵੇਗੀ ਦਿੱਖ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ,  ਅਪ੍ਰੈਲ 30
ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਦਿੱਖ ਵਿੱਚ ਸੁਧਾਰ ਲਗਾਤਾਰ ਜਾਰੀ ਹੈ, ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ।ਇਸੇ ਲੜੀ ਵਿੱਚ ਸਰਕਾਰੀ ਸੀਨੀਅਰ ਸਮਾਰਟ ਸਕੂਲ ਕੱਲਰ ਖੇੜਾ ਦੇ ਪ੍ਰਿੰਸੀਪਲ ਭਜਨ ਲਾਲ ਅਤੇ ਸਮੂਹ ਸਟਾਫ ਵਲੋਂ ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ 103100 (ਇੱਕ ਲੱਖ ਤਿੰਨ ਹਜ਼ਾਰ ਇੱਕ ਸੌ ਰੁਪਏ) ਦੀ ਰਾਸ਼ੀ ਇਕੱਤਰ ਕਰਕੇ ਅੱਜ ਪ੍ਰਿਸੀਪਲ  ਭਜਨ ਲਾਲ ਨੂੰ ਸਟਾਫ ਵਲੋਂ ਸੌਪੀ ਗਈ। ਸਕੂਲ ਦੇ ਮੀਡੀਆ ਇਨਚਾਰਜ  ਹਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸ਼ੀ ਪ੍ਰਿੰਸੀਪਲ ਅਤੇ ਸਕੂਲ ਦੇ ਸਮੂਹ ਸਟਾਫ ਵਲੋਂ ਇੱਕਤਰ ਕੀਤੀ ਗਈ ਹੈ ਜਿਸਦੀ ਵਰਤੋਂ ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਸਕੂਲ ਦੇ ਨਾਮ ਦਾ ਲਾਇਟ ਬੋਰਡ ਨੂੰ ਨੈਸ਼ਨਲ ਹਾਈਵੇ 62 ਉੱਤੇ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਰਾਹਗੀਰਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਜਾਣੂ ਕਰਵਾਇਆ ਜਾ ਸਕੇ। ਪ੍ਰਿਸੀਪਲ ਭਜਨ ਲਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਾ ਮੇਹਨਤੀ ਸਟਾਫ ਜਿੱਥੇ ਸਕੂਲ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ ਉੱਥੇ ਸਟਾਫ ਵੱਲੋ ਕਿਰਤਦਾਨ ਪ੍ਰੋਗਰਾਮ ਤਹਿਤ ਸਕੂਲ ਕੈਂਪਸ ਦੀ ਦਿੱਖ ਸਵਾਰਨ ਲਈ ਆਪਣੇ ਹੱਥੀ ਕੰਮ ਕਰਕੇ ਇੱਕ ਮਿਸਾਲ ਪੈਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਨੇ ਕਿਹਾ ਕਿ ਸਕੂਲ ਸਟਾਫ ਵੱਲੋ ਵਿਦਿਆ ਦੇ ਇਸ ਮੰਦਰ ਲਈ ਦਾਨ ਦੇਣ ਦੀ ਇਸ ਨਿਵੇਕਲੀ ਪਹਿਲਕਦਮੀ ਦੀ ਉਹ ਪ੍ਰਸ਼ੰਸ਼ਾ ਕਰਦੇ ਹਨ। ਇਸ ਸਕੂਲ ਦਾ ਸਟਾਫ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣੇਗਾ। ਸਕੂਲ ਦੇ ਵਿਗਿਆਨ ਅਧਿਆਪਕ ਅਤੇ ਡੀ.ਐਮ. ਵਿਗਿਆਨ  ਨਰੇਸ਼ ਸ਼ਰਮਾ ਦਾ ਇਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਮੌਕੇ ਐਸ ਐਮ ਸੀ ਦੇ ਚੇਅਰਮੈਨ  ਸੁਸ਼ੀਲ ਕੁਮਾਰ,ਐਸ ਐਮ ਸੀ ਦੇ ਮੈਂਬਰ  ਹਰੀ ਕ੍ਰਿਸ਼ਨ, ਡੀ ਐਮ ਵਿਗਿਆਨ  ਨਰੇਸ਼ ਸ਼ਰਮਾ, ਅਧਿਆਪਕ  ਸ਼ਸ਼ੀ ਬੱਤਰਾ ਅੰਮ੍ਰਿਤਪਾਲ ਸਿੰਘ,  ਰਤਨ ਲਾਲ ਅਤੇ ਸਮੂਹ ਸਟਾਫ ਮੌਜੂਦ ਸੀ।