ਪੰਜਾਬ

ਸਰਕਾਰੀ ਸਕੀਮਾਂ ਵਿਚਲੀਆਂ ਰੁਕਾਵਟਾਂ ਦੂਰ ਕਰਕੇ ਯੋਜਨਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਕੀਤਾ ਲਾਗੂ

ਫ਼ੈਕ੍ਟ ਸਮਾਚਾਰ ਸੇਵਾ
ਫਾਜਿ਼ਲਕਾ, ਅਕਤੂਬਰ 19
ਫਾਜਿ਼ਲਕਾ ਵਿਖੇ ਕੁਝ ਸਮੇਂ ਲਈ ਬਤੌਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੇਵਾ ਨਿਭਾਉਣ ਆਏ ਆਈਏਐਸ ਅਫ਼ਸਰ ਸਾਗਰ ਸੇਤੀਆ ਨੇ ਜਿ਼ਲ੍ਹੇ ਵਿਚ ਆਪਣੇ ਛੋਟੇ ਕਾਰਜਕਾਲ ਦੌਰਾਨ ਫਾਜਿ਼ਲਕਾ ਜਿ਼ਲ੍ਹੇ ਵਿਚ ਨਵੀਂਆਂ ਪੈੜਾਂ ਪਾਈਆਂ ਹਨ। ਸਾਗਰ ਸੇਤੀਆ ਨੇ 5 ਮਈ 2021 ਨੂੰ ਫਾਜਿ਼ਲਕਾ ਵਿਖੇ ਬਤੌਰ ਏਡੀਸੀ ਵਿਕਾਸ ਜ਼ੁਆਇਨ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਜਿ਼ਲ੍ਹੇ ਵਿਚਲੇ 5 ਮਹੀਨੇ ਦੇ ਕਾਰਜਕਾਲ ਦੇ ਸਮੇਂ ਦੌਰਾਨ ਮਗਨਰੇਗਾ ਸਟਾਫ ਦੀ ਹੜਤਾਲ ਵੀ ਰਹੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਰੁਝੇਵਿਆਂ ਕਾਰਨ ਕੁਝ ਦਿਨ ਦੀ ਛੁੱਟੀ ਵੀ ਲੈਣੀ ਪਈ ਪਰ ਯੋਜਨਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੇ ਉਨ੍ਹਾਂ ਦੇ ਸਿਰੜ ਨੇ ਨਵੇਂ ਦਿਸਹੱਦੇ ਸਥਾਪਿਤ ਕਰ ਦਿੱਤੇ ਹਨ। ਜਦ ਉਨ੍ਹਾਂ ਨੇ ਫਾਜਿ਼ਲਕਾ ਵਿਖੇ ਕਾਰਜਭਾਰ ਸੰਭਾਲਿਆ ਸੀ ਤਾਂ ਜਿ਼ਲ੍ਹੇ ਵਿਚ ਔਸਤ ਰੋਜਾਨਾ 1400 ਮਗਨਰੇਗਾ ਦਿਹਾੜੀਆਂ ਦੀ ਸਿਰਜਣਾ ਹੋ ਰਹੀ ਸੀ ਪਰ ਉਨ੍ਹਾਂ ਨੇ ਇਸ ਨੂੰ 30000 ਪ੍ਰਤੀ ਦਿਨ ਤੱਕ ਵੀ ਪਹੁੰਚਾਇਆ ਅਤੇ ਹੁਣ ਨਰਮੇ ਦੀ ਚੁਗਾਈ ਸ਼ੁਰੂ ਹੋ ਜਾਣ ਤੋਂ ਬਾਅਦ ਵੀ ਇਹ ਆਂਕੜਾ 14-15000 ਦੇ ਆਸਪਾਸ ਚੱਲ ਰਿਹਾ ਸੀ। ਇਸ ਸਫਲਤਾ ਦੀ ਕਹਾਣੀ ਉਨ੍ਹਾਂ ਦੇ ਸਕੀਮਾਂ ਨੂੰ ਲਾਗੂ ਕਰਨ ਦੇ ਤਰੀਕੇ ਵਿਚ ਲੁਕੀ ਹੋਈ ਹੈ। ਉਹ ਟੀਚੇ ਨਿਰਧਾਰਤ ਕਰਨ ਤੋਂ ਪਹਿਲਾਂ ਕੰਮ ਵਿਚ ਆ ਰਹੀਆਂ ਮੁਸਕਿਲਾਂ ਦਾ ਅਧਿਐਨ ਕਰਕੇ ਮੁਸਕਿਲਾਂ ਦਾ ਨਬੇੜਾ ਕਰਦੇ ਹਨ ਅਤੇ ਫਿਰ ਬੁਲੰਦ ਹੌਂਸਲੇ ਅਤੇ ਜ਼ੋਸ ਨਾਲ ਆਪਣੀ ਟੀਮ ਨਾਲ ਟੀਚਿਆਂ ਦੀ ਪ੍ਰਾਪਤੀ ਵਿਚ ਲੱਗ ਜਾਂਦੇ ਹਨ। ਸਾਗਰ ਸੇਤੀਆ ਨੇ ਦੱਸਿਆ ਕਿ ਉਨ੍ਹਾਂ ਨੇ ਮਗਨਰੇਗਾ ਦੀਆਂ ਮੁਸਕਿਲਾਂ ਦਾ ਅਧਿਐਨ ਕਰਦਿਆਂ ਪਾਇਆ ਕਿ ਗ੍ਰਾਮ ਰੋਜਗਾਰ ਸੇਵਕ ਅਤੇ ਤਕਨੀਕੀ ਸਹਾਇਕ ਨੂੰ ਜ਼ੋ ਪਿੰਡ ਅਲਾਟ ਕੀਤੇ ਗਏ ਸਨ ਉਹ ਬਹੁਤ ਦੂਰ ਦੂਰ ਸਨ ਅਤੇ ਉਨ੍ਹਾਂ ਲਈ ਨਿਗਰਾਨੀ ਲਈ ਇਕ ਪਿੰਡ ਤੋਂ ਦੂਜ਼ੇ ਪਿੰਡ ਜਾਣਾ ਸੰਭਵ ਹੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਲਾਗੇ ਲਾਗੇ ਦੇ ਪਿੰਡਾਂ ਦੇ ਸਮੂਹ ਬਣਾ ਕੇ ਉਨ੍ਹਾਂ ਨੂੰ ਕੰਮ ਦਿੱਤਾ, ਇਵੇਂ ਹੀ ਬੁੱਧਵਾਰ ਦਾ ਦਿਨ ਨਿਰਧਾਰਤ ਕੀਤਾ ਜਿਸ ਦਿਨ ਪੰਚਾਇਤਾਂ ਫਾਇਲਾਂ ਤਿਆਰ ਕਰਵਾ ਕੇ ਜਮਾ ਕਰਵਾ ਸਕਨ। ਇਸਤੋਂ ਬਿਨ੍ਹਾਂ ਕਿਤੇ ਜਾਣ ਵਾਲੇ ਕੰਮਾਂ ਸਬੰਧੀ ਤਕਨੀਕੀ ਮਾਰਗਦਰਸ਼ਨ ਵੀ ਕੀਤਾ ਅਤੇ ਨਤੀਜਾ ਪ੍ਰੱਤਖ ਪ੍ਰਗਟ ਹੋ ਗਿਆ। ਇਸ ਸਾਲ ਜਿ਼ਲ੍ਹੇ ਵਿਚ 23 ਲੱਖ ਦਿਹਾੜੀਆਂ ਦੇ ਟੀਚੇ ਦੇ ਮੁਕਾਬਲੇ ਪਹਿਲੇ 6 ਮਹੀਨਿਆਂ ਵਿਚ ਹੀ 17 ਲੱਖ ਦਿਹਾੜੀਆਂ ਦਾ ਟੀਚਾ ਸਰ ਕਰ ਲਿਆ ਗਿਆ ਅਤੇ ਜ਼ੇਕਰ ਇਸੇ ਰਫਤਾਰ ਨਾਲ ਕੰਮ ਚਲਦਾ ਰਿਹਾ ਤਾਂ ਵਿੱਤੀ ਸਾਲ ਦੇ ਅੰਤ ਤੱਕ ਟੀਚੇ ਤੋਂ ਦੁੱਗਣਾ ਕੰਮ ਹੋ ਸਕੇਗਾ। ਉਹ ਆਖਦੇ ਹਨ ਕਿ ਮਗਨਰੇਗਾ ਵਿਚ ਫੰਡ ਦੀ ਕੋਈ ਕਮੀ ਨਹੀਂ ਬਸ਼ਰਤੇ ਯੋਜਨਾਂਵਾਂ ਸਹੀ ਤਰੀਕੇ ਨਾਲ ਬਣਾ ਕੇ ਲਾਗੂ ਕੀਤੀਆਂ ਜਾਣ।ਫਾਜਿਲ਼ਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਹੁਣ ਤੱਕ ਚਾਲੂ ਵਿੱਤੀ ਸਾਲ ਦੌਰਾਨ 86.25 ਕਰੋਡ਼ ਦੇ ਸਲਾਨਾ ਟੀਚੇ ਦੇ ਮੁਕਾਬਲੇ 61 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸੇ ਤਰਾਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਜ਼ੋ ਕਿ ਅਕਸਰ ਕੇਂਦਰ ਸਰਕਾਰ ਦੀਆਂ ਗ੍ਰਾਂਟ ਖਰਚਣ ਦੀਆਂ ਸ਼ਰਤਾਂ ਦੀ ਪਾਲਣਾ ਦੀ ਘਾਟ ਕਰਨ ਸਹੀ ਤਰੀਕੇ ਨਾਲ ਖਰਚ ਨਹੀਂ ਸੀ ਹੁੰਦੀਆਂ ਨੂੰ ਵੀ ਸਾਗਰ ਸੇਤੀਆ ਨੇ ਪੰਚਾਇਤ ਸੱਕਤਰਾਂ ਨੂੰ ਟੇ੍ਰਨਿੰਗ ਦੇ ਕੇ ਪਿੰਡ ਵਿਕਾਸ ਪਲਾਨ ਤੋਂ ਲੈ ਕੇ ਜਿ਼ਲ੍ਹਾ ਪ੍ਰੀਸ਼ਦ ਵਿਕਾਸ ਪਲਾਨ ਸਰਕਾਰ ਦੀ ਨੀਤੀ ਅਨੁਸਾਰ ਤਿਆਰ ਕਰਵਾਏ ਤਾਂਕਿ ਵੱਧ ਤੋਂ ਵੱਧ ਫੰਡ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ਸਕੀਮ ਤਹਿਤ ਪਿੰਡ ਨੂੰ ਅਬਾਦੀ ਦੇ ਪ੍ਰਤੀ ਵਿਅਕਤੀ 354 ਰੁਪਏ ਦੀ ਸਲਾਨਾ ਗ੍ਰਾਂਟ ਮਿਲਦੀ ਹੈ ਅਤੇ ਇਸਦੇ ਖਰਚ ਦੇ ਨਿਯਮਾਂ ਅਨੁਸਾਰ ਕਰਨ ਦੀਆਂ ਸ਼ਰਤਾਂ ਨੂੰ ਉਨ੍ਹਾਂ ਨੇ ਪੂਰਾ ਕਰਵਾਇਆ।ਪਿੰਡ ਵਿਕਾਸ ਪਲਾਨ ਤਿਆਰ ਹੋਣ ਨਾਲ ਹੁਣ ਪਿੰਡਾਂ ਦਾ ਸਰਵਪੱਖੀ ਵਿਕਾਸ ਵੀ ਹੋਵੇਗਾ ਅਤੇ ਫੰਡਾਂ ਦਾ ਵੱਧ ਤੋਂ ਵੱਧ ਇਸਤੇਮਾਲ ਹੋਣ ਨਾਲ ਪਿੰਡਾਂ ਦਾ ਮੁਹਾਂਦਰਾ ਬਦਲੇਗਾ। ਸਾਗਰ ਸੇਤੀਆ ਸਰਗਰਮ ਰਹਿੰਦੇ ਸਨ ਕਿ ਕਿਸ ਸਕੀਮ ਤਹਿਤ ਪਿੰਡਾਂ ਦੇ ਵਿਕਾਸ ਲਈ ਕਿਵੇਂ ਨਾ ਕਿਵੇਂ ਫੰਡ ਮਿਲਣ ਅਤੇ ਪਿੰਡਾਂ ਦਾ ਵਿਕਾਸ ਹੋਵੇ। ਇਸੇ ਲੜੀ ਤਹਿਤ ਸਵੱਛ ਭਾਰਤ ਮਿਸ਼ਨ ਫੇਜ਼ 2 ਤਹਿਤ ਸਰਕਾਰ ਵੱਲੋਂ 5000 ਤੋਂ ਵੱਧ ਅਬਾਦੀ ਵਾਲੇ ਪਿੰਡਾਂ ਨੂੰ ਤਰਲ ਕਚਰੇ ਭਾਵ ਗੰਦੇ ਪਾਣੀ ਦੇ ਪ੍ਰਬੰਧਨ ਲਈ ਪ੍ਰਤੀ ਵਿਅਕਤੀ 660 ਰੁਪਏ ਅਤੇ 5000 ਤੋਂ ਘੱਟ ਅਬਾਦੀ ਲਈ 280 ਰੁਪਏ ਪ੍ਰਤੀ ਵਿਅਕਤੀ ਦੇ ਦਰ ਨਾਲ ਗ੍ਰਾਂਟ ਮਿਲਦੀ ਹੈ। ਇਸੇ ਤਰਾਂ ਠੋਸ ਕਚਰੇ ਦੇ ਨਿਪਟਾਰੇ ਲਈ ਵੱਡੇ ਪਿੰਡਾਂ ਨੂੰ 45 ਰੁਪਏ ਅਤੇ ਛੋਟੇ ਪਿੰਡਾਂ ਨੂੰ 7 ਰੁਪਏ ਪ੍ਰਤੀ ਵਸਨੀਕ ਦੀ ਦਰ ਨਾਲ ਗ੍ਰਾਂਟ ਮਿਲਦੀ ਹੈ। ਸਾਗਰ ਸੇਤੀਆ ਨੇ ਪਿੰਡਾਂ ਨੂੰ ਇਹ ਗ੍ਰਾਂਟਾ ਦੁਆਉਣ ਲਈ ਪ੍ਰੋਜ਼ੈਕਟ ਤਿਆਰ ਕਰਵਾਕੇ ਸੈਨੀਟੇਸ਼ਨ ਵਿਭਾਗ ਨੂੰ ਭਿਜਵਾਏ, ਇਸ ਨਾਲ ਜਿ਼ਲ੍ਹੇ ਦੇ ਸਾਰੇ ਪਿੰਡਾਂ ਦੇ ਛੱਪੜਾਂ ਦਾ ਥਾਪਰ ਮਾਡਲ ਨਾਲ ਕਾਇਆ ਕਲਪ ਹੋ ਸਕੇਗਾ। ਇਸ ਤਹਿਤ ਠੋਸ ਕਚਰਾ ਪ੍ਰਬੰਧਨ ਲਈ ਜਿਲ੍ਹੇ ਨੂੰ 4 ਕਰੋੜ ਦੀ ਗ੍ਰਾਂਟ ਪ੍ਰਵਾਨ ਵੀ ਹੋ ਗਈ ਹੈ ਜਦ ਕਿ ਟੋਭਿਆ ਲਈ 20 ਤੋਂ 25 ਕਰੋੜ ਦੀ ਗ੍ਰਾਂਟ ਜਲਦ ਮਿਲਣ ਦੀ ਆਸ ਹੈ। ਇਸ ਤੋਂ ਬਿਨ੍ਹਾਂ ਪਿੰਡਾਂ ਵਿਚ ਖੇਡ ਗਰਾਉਂਡਾਂ ਦੇ ਨਿਰਮਾਣ ਸਮੇਤ ਅਨੇਕਾਂ ਪ੍ਰੋਜ਼ੈਕਟਾਂ ਨੂੰ ਉਨ੍ਹਾਂ ਨੇ ਜਿ਼ਲ੍ਹੇ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਵਾਇਆ। ਜਿ਼ਲ੍ਹੇ ਵਿਚ ਛੋਟੇ ਕਾਰਜਕਾਲ ਦੌਰਾਨ ਸ਼ਾਨਦਾਰ ਕਾਰਗੁਜਾਰੀ ਤੋਂ ਬਾਅਦ ਹੁਣ ਵਧੀਕ ਕਰ ਤੇ ਆਬਕਾਰੀ ਕਮਿਸ਼ਨਰ ਵਜੋਂ ਆਪਣੀ ਨਵੀਂ ਪੋਸਟਿੰਗ ਲਈ ਜਾ ਰਹੇ ਹਨ। ਬੇਸਕ ਉਨ੍ਹਾਂ ਦਾ ਫਾਜਿ਼ਲਕਾ ਦਾ ਸਫਰ ਬਹੁਤ ਹੀ ਯਾਦਗਾਰ ਰਿਹਾ ਹੈ ਪਰ ਉਨ੍ਹਾਂ ਨੂੰ ਇਕ ਮਲਾਲ ਵੀ ਰਿਹਾ ਕਿ ਉਹ ਪ੍ਰੋਜ਼ੈਕਟਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੇ ਆਪਣੇ ਜਨੂੰਨ ਦੌਰਾਨ ਸਰਪੰਚਾਂ ਨੂੰ ਜਿਆਦਾ ਸਮਾਂ ਨਹੀਂ ਦੇ ਪਾਏ, ਹਾਲਾਂਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਸਰਪੰਚਾਂ ਨੂੰ ਪੇਂਡੂ ਵਿਕਾਸ ਦੀਆਂ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਤਾਂ ਜ਼ੋ ਸਾਡੇ ਪਿੰਡ ਸਭ ਤੋਂ ਸੋਹਣੇ ਬਣ ਸਕਨ।