ਪੰਜਾਬ

ਸਰਕਾਰੀ ਕਾਲਜ ਜਾਡਲਾ ਦਾ ਨਾਂਅ ਹੁਣ ਹੋਵੇਗਾ ‘ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ’ 

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਅਗਸਤ 14
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਜਾਡਲਾ ਦਾ ਨਾਂਅ ‘ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ’ ਰੱਖਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ (ਸਿੱਖਿਆ ਸੈੱਲ) ਵੱਲੋਂ ਕੱਲ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ਨਾਲ ਨਵਾਂਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਵਰਗੀ ਦਿਲਬਾਗ ਸਿੰਘ ਦੇ ਪੋਤਰੇ ਅਤੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ’ਤੇ ਖੁਸੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਨੌਜਵਾਨ ਵਿਧਾਇਕ ਨੇ ਕਿਹਾ ਕਿ ਉਨਾਂ ਦਾ ਸੁਪਨਾ ਸੀ ਕਿ ਆਪਣੀ ਸਾਰੀ ਜ਼ਿੰਦਗੀ ਹਲਕੇ ਦੀ ਸੇਵਾ ਲਈ ਗੁਜ਼ਾਰਨ ਵਾਲੇ ਉਨਾਂ ਦੇ ਦਾਦਾ ਜੀ ਦੀ ਯਾਦ ਵਿਚ ਇਹ ਕਾਲਜ ਉਨਾਂ ਨੂੰ ਸਮਰਪਿਤ ਕੀਤਾ ਜਾਵੇ ਅਤੇ ਉਨਾਂ ਦਾ ਇਹ ਸੁਪਨਾ ਅੱਜ ਪੂਰਾ ਹੋ ਗਿਆ ਹੈ। ਉਨਾਂ ਕਿਹਾ ਕਿ ਸਵਰਗੀ ਦਿਲਬਾਗ ਸਿੰਘ ਵੱਲੋਂ ਨਵਾਂਸ਼ਹਿਰ ਨੂੰ ਜ਼ਿਲਾ ਬਣਵਾਉਣ ਅਤੇ ਇਲਾਕੇ ਲਈ ਕੀਤੇ ਕਾਰਜਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨਾਂ ਦੱਸਿਆ ਕਿ ਕਰੀਬ 11 ਕਰੋੜ 90 ਲੱਖ ਦੀ ਲਾਗਤ ਨਾਲ ਤਿਆਰ ਹੋ ਰਹੀ ਇਸ ਕਾਲਜ ਦੀ ਆਲੀਸ਼ਾਨ ਬਿਲਡਿੰਗ ਦੀ ਉਸਾਰੀ ਦਾ ਕੰਮ ਮਾਰਚ 2019 ਨੂੰ ਸ਼ੁਰੂ ਕੀਤਾ ਗਿਆ ਸੀ, ਜੋ ਕਿ ਲਗਭਗ ਮੁਕੰਮਲ ਹੋਣ ਕੰਢੇ ਹੈ ਅਤੇ ਨਵੇਂ ਕੈਂਪਸ ਵਿਚ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਇਹ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਉਨਾਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹੁਣ ਦੂਰ-ਦੁਰੇਡੇ ਜਾਣ ਦੀ ਲੋੜ ਨਹੀਂ ਪਵੇਗੀ।

More from this section