ਪੰਜਾਬ

 ਸ਼ਹਿਰ ਦੇ ਕਿਲ੍ਹਾ ਮੁਬਾਰਕ ਤੇ ਹੋਰ ਵਿਰਾਸਤੀ ਸਥਾਨਾਂ ਨੂੰ ਸੈਲਾਨੀਆਂ ਲਈ  ਖੋਲ੍ਹਣ ਤੇ ਹੋਈ ਵਿਚਾਰ ਚਰਚਾ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਸਤੰਬਰ 27

ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਹੇਠ ਅੱਜ ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਇਸ ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਿਰਾਸਤੀ ਸ਼ਹਿਰ ਫ਼ਰੀਦਕੋਟ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕਰਦੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ  ।

ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਹਰ ਸਾਲ 27 ਸਤੰਬਰ ਨੂੰ ਇਹ ਦਿਨ ਵਰਲਡ ਟੂਰਿਜ਼ਮ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਸੈਰ ਸਪਾਟੇ ਦੇ ਮਹੱਤਵ ਅਤੇ ਇਸ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮੂਲ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨਾਲ ਸਾਨੂੰ ਜਿੱਥੇ ਨਵੀਆਂ ਇਤਿਹਾਸਕ, ਆਰਥਿਕ, ਸੱਭਿਆਚਾਰਕ ਤੇ ਹੋਰ  ਵੰਨਗੀਆਂ ਦੇ ਦਰਸ਼ਨ ਹੁੰਦੇ ਹਨ, ਉੱਥੇ ਹੀ ਸੈਲਾਨੀਆਂ ਦੇ ਆਉਣ ਨਾਲ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਸਾਧਨ ਪੈਦਾ ਹੁੰਦੇ ਹਨ, ਆਰਥਿਕਤਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟਿੱਲਾ ਬਾਬਾ ਫ਼ਰੀਦ ਦੇ ਨਜ਼ਦੀਕ ਕਿਲਾ ਮੁਬਾਰਕ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਹੈਰੀਟੇਜ ਸਟ੍ਰੀਟ ਵਜੋਂ ਵਿਕਸਿਤ ਕੀਤਾ ਜਾਵੇ। ਮੇਹਰਾਵਲ ਖੇਵਾ ਜੀ ਟਰੱਸਟ ਮੁੱਖ ਪ੍ਰਬੰਧਕੀ ਅਫਸਰ ਜਗਸੀਰ ਸਿੰਘ ਸਰਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਇਤਿਹਾਸਕ ਕਿਲਾ ਮੁਬਾਰਕ ਸਮੇਤ ਹੋਰ ਵਿਰਾਸਤੀ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨਗੇ ਅਤੇ ਇੱਥੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਆਦਿ ਦੇਣ ਬਾਰੇ ਟਰੱਸਟ ਦੇ ਨੁਮਾਇੰਦਿਆਂ ਨਾਲ ਵਿਚਾਰ ਕਰਨ ਤਾਂ ਜੋ ਇਤਿਹਾਸਕ ਸ਼ਹਿਰ ਨੂੰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕੇ। ਕਿਉਂਕਿ ਇੱਥੇ ਟਿੱਲਾ ਬਾਬਾ ਫ਼ਰੀਦ ਇਤਿਹਾਸਿਕ ਸਥਾਨ ਤੋਂ ਇਲਾਵਾ ਅਣਗਿਣਤ ਵਿਰਾਸਤੀ  ਇਮਾਰਤਾਂ ਹਨ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦੀਆਂ ਹਨ।