ਪੰਜਾਬ

ਵਿਸ਼ਵ ਅਬਾਦੀ ਦਿਵਸ ਮੌਕੇ ਜਨਸੰਖਿਆ ਸਥਿਰਤਾ ਪੰਦਰਵਾੜੇ ਦੀ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ ਐਸ ਏ ਐਸ ਨਗਰ, ਜੁਲਾਈ 11

ਆਮ ਲੋਕਾਂ ਵਿੱਚ ਵੱਧ ਰਹੀ ਆਬਾਦੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਕੁਦਰਤੀ ਸਰੋਤਾਂ `ਤੇ ਪੈਂਦੇ ਬੋਝ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਭਰ ਵਿੱਚ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਉਕਤ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਇੱਥੇ ਵਿਸ਼ਵ ਅਬਾਦੀ ਦਿਵਸ ਮੌਕੇ ਕਿਸਾਨ ਚੈਂਬਰ ਮੁਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਸੂਬੇ ਵਿੱਚ ਜਨਸੰਖਿਆ ਸਥਿਰਤਾ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਜਨਸੰਖਿਆ ਦਿਵਸ ਦੇ ਸਮਾਗਮਾਂ ਨੂੰ ਦੋ ਪੰਦਰਵਾੜਿਆਂ ਵਿੱਚ ਵੰਡਿਆ ਗਿਆ ਹੈ। 27 ਜੂਨ ਤੋਂ ਜੁਲਾਈ 10 ਜੁਲਾਈ ਦੇ ਦਰਮਿਆਨ ਪਹਿਲਾ ਪੰਦਰਵਾੜਾ ਮਨਾਇਆ ਗਿਆ ਜਿਸ ਦੌਰਾਨ ਲੋਕਾਂ ਨੂੰ ਪਰਿਵਾਰ ਯੋਜਨਾਬੰਦੀ ਦੇ ਢੰਗਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਉਪਲੱਬਧ ਗਰਭ ਨਿਰੋਧਕ ਵਿਧੀਆਂ ਬਾਰੇ ਜਾਣਕਾਰੀ ਦੇਣ `ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 11 ਜੁਲਾਈ ਨੂੰ ਦੂਜੇ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਉਦੇਸ਼ ਜਨਸੰਖਿਆ ਸਥਿਰਤਾ `ਤੇ ਧਿਆਨ ਕੇਂਦਰਿਤ ਕਰਨਾ ਹੈ।ਜਾਗਰੂਕਤਾ ਪੰਦਰਵਾੜੇ ਵਿਚ ਪਹਿਲਾਂ ਤੋਂ ਰਜਿਸਟਰਡ ਵਿਅਕਤੀਆਂ ਨੂੰ ਪਰਿਵਾਰ ਯੋਜਨਾਬੰਦੀ/ਨਸਬੰਦੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਉਂਦੇ ਦੋ ਹਫ਼ਤਿਆਂ ਦੌਰਾਨ ਰਾਜ ਦੀਆਂ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਔਰਤਾਂ ਅਤੇ ਮਰਦਾਂ ਦੀ ਨਸਬੰਦੀ ਸਬੰਧੀ ਆਪਰੇਸ਼ਨ ਮੁਫ਼ਤ ਵਿੱਚ ਕੀਤੇ ਜਾਣਗੇ।

ਬਲਬੀਰ ਸਿੰਘ ਸਿੱਧੂ ਵਿਸ਼ਵ ਅਬਾਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ

ਬਲਬੀਰ ਸਿੱਧੂ ਨੇ ਦੱਸਿਆ ਕਿ ਜਣਨ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੁੱਲ ਜਣਨ ਦਰ (ਟੀ.ਐਫ.ਆਰ.) ਵਿੱਚ ਕਮੀ ਦੇ ਜ਼ਰੀਏ ਅਬਾਦੀ ਸਥਿਰਤਾ ਦੇ ਨਾਲ ਨਾਲ ਸੂਬੇ ਵਿੱਚ ਪਰਿਵਾਰ ਯੋਜਨਾਬੰਦੀ ਪ੍ਰੋਗਰਾਮਾਂ ਨੂੰ ਰੀ-ਓਰੀਐਂਟ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮਾਤਰਤਵ ਮੌਤ ਦਰ (ਐੱਮ.ਐੱਮ.ਆਰ.) ਅਤੇ ਸ਼ਿਸ਼ੂ ਮੌਤ ਦਰ (ਆਈ.ਐੱਮ.ਆਰ.) ਨੂੰ ਘਟਾਉਣ ਲਈ ਸੰਸਥਾਗਤ ਜਣੇਪਿਆਂ ਨੂੰ ਉਤਸ਼ਾਹਤ ਕਰਨ `ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਟੀ.ਐੱਫ.ਆਰ. 1.7% ਹੈ ਜੋ ਕਿ ਉੱਚ ਸਾਖਰਤਾ ਦਰ ਲਈ ਜਾਣੇ ਜਾਂਦੇ ਕੇਰਲਾ ਸੂਬੇ ਦੇ ਬਰਾਬਰ ਹੈ, ਜਦੋਂਕਿ ਕੌਮੀ ਟੀਐਫਆਰ 2.2% ਹੈ।ਪੰਜਾਬੀ ਕਾਫ਼ੀ ਹੱਦ ਤੱਕ ਛੋਟੇ ਪਰਿਵਾਰ ਦੀ ਮਹੱਤਤਾ ਤੋਂ ਜਾਣੂ ਹਨ ਪਰ ਸੂਬੇ ‘ਤੇ ਪਰਵਾਸੀ ਅਬਾਦੀ ਦਾ ਦਬਾਅ ਬਹੁਤ ਜ਼ਿਆਦਾ ਹੈ, ਇਸ ਲਈ ਅਸੀਂ ਉਨ੍ਹਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਇਸ ਮੌਕੇ ਸਿਹਤ ਮੰਤਰੀ ਨੇ ਰੇਡੀਓ ਸਪਾਟਜ਼ ਅਤੇ ਹੋਰ ਆਈ.ਈ.ਸੀ. ਗਤੀਵਿਧੀਆਂ ਰਾਹੀਂ ਪਰਿਵਾਰ ਯੋਜਨਾਬੰਦੀ ਦੀ ਮਹੱਤਤਾ ਬਾਰੇ ਜਾਣਕਾਰੀ ਫੈਲਾਉਣ ਲਈ ਇੱਕ ਜਾਗਰੂਕਤਾ ਆਡੀਓ ਸਪਾਟ ਜਾਰੀ ਕੀਤਾ।

 

ਪ੍ਰਮੁੱਖ ਸਕੱਤਰ ਸਿਹਤ, ਹੁਸਨ ਲਾਲ ਨੇ ਦੱਸਿਆ ਕਿ 150 ਵੱਖ-ਵੱਖ ਥਾਵਾਂ ਤੋਂ ਕਰਮਚਾਰੀਆਂ/ ਸਿਹਤ ਕਾਮਿਆਂ ਨੇ ਜਨਸੰਖਿਆ ਦਿਵਸ ਸਮਾਰੋਹ ਵਿੱਚ ਆਨਲਾਈਨ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਹਾਂਮਾਰੀ ਦੇ ਬਾਵਜੂਦ ਪਰਿਵਾਰ ਯੋਜਨਾਬੰਦੀ ਸੇਵਾਵਾਂ ਨਿਰਵਿਘਨ ਚਲਦੀਆਂ ਰਹੀਆਂ ਅਤੇ ਸਰਕਾਰੀ ਹਸਪਤਾਲਾਂ ਵੱਲੋਂ ਕੋਵਿਡ-19 ਤੋਂ ਪੀੜਤ ਕਈ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ। ਉਨ੍ਹਾਂ ਸਮਾਜ ਦੀ ਬਿਹਤਰੀ ਲਈ ਪਰਿਵਾਰ ਯੋਜਨਾਬੰਦੀ ਦੇ ਸੰਦੇਸ਼ ਨੂੰ ਫੈਲਾਉਣ ਲਈ ਵਿਆਪਕ ਆਈ.ਈ.ਸੀ. / ਬੀ.ਸੀ.ਸੀ ਗਤੀਵਿਧੀਆਂ ਦਾ ਭਰੋਸਾ ਦਿੱਤਾ।

ਕੋਵਿਡ-19 ਦੀ ਸੰਭਾਵਤ ਤੀਜੀ ਲਹਿਰ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਤੀਜੀ ਲਹਿਰ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਸਤਰਿਆਂ ਦੀ ਸਮਰੱਥਾ 25 ਫੀਸਦੀ ਤੱਕ ਵਧਾ ਦਿੱਤੀ ਹੈ, 75 ਤੋਂ ਵੱਧ ਪੀ.ਐਸ.ਏ. ਪਲਾਂਟ ਸ਼ੁਰੂ ਕੀਤੇ ਹਨ ਅਤੇ ਸੂਬੇ ਦੇ ਹਸਪਤਾਲਾਂ ਵਿੱਚ 9000 ਆਕਸੀਜਨ ਕੰਸਨਟ੍ਰੇਟਰਾਂ ਦੀ ਸਪਲਾਈ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. ਅੰਦੇਸ਼ ਕੰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸ਼ਵ ਅਬਾਦੀ ਦਿਵਸ ਨੂੰ ਮਨਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਡਾਇਰੈਕਟਰ, ਸਿਹਤ ਡਾ. ਜੀ.ਬੀ. ਸਿੰਘ ਨੇ ਕੁਦਰਤੀ ਸਰੋਤਾਂ `ਤੇ ਅਧਿਕ ਦਬਾਅ ਦੇ ਮੱਦੇਨਜ਼ਰ ਆਬਾਦੀ ਸਥਿਰਤਾ ਦੀ ਮਹੱਤਤਾ `ਤੇ ਜ਼ੋਰ ਦਿੱਤਾ।

ਪਰਿਵਾਰਕ ਯੋਜਨਾਬੰਦੀ ਬਾਰੇ ਸਟੇਟ ਨੋਡਲ ਅਫਸਰ ਡਾ. ਆਰਤੀ ਨੇ ਇੱਕ ਪੀ.ਪੀ.ਟੀ. ਪੇਸ਼ ਕੀਤੀ ਜਿਸ ਵਿੱਚ ਫੀਲਡ ਪੱਧਰ `ਤੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਸੂਬੇ ਵਿੱਚ ਪਰਿਵਾਰ ਯੋਜਨਾਬੰਦੀ ਪ੍ਰੋਗਰਾਮ ਤਹਿਤ ਮੁਹੱਈਆ ਕਰਵਾਏ ਜਾ ਰਹੇ ਇਨਸੈਂਟਿਵਜ਼ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।

ਇਸ ਪ੍ਰੋਗਰਾਮ ਦੌਰਾਨ ਪਰਿਵਾਰ ਯੋਜਨਾਬੰਦੀ ਅਧੀਨ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਸੀ.ਐਚ.ਸੀ. ਖਿਆਲਾ ਕਲਾਂ (ਮਾਨਸਾ) ਦੀ ਡਾ. ਹਰਦੀਪ ਔਰਤਾਂ ਦੀ ਨਸਬੰਦੀ ਵਿੱਚ ਵਿਚ ਪਹਿਲਾ ਸਥਾਨ ਮੱਲਿਆ, ਸੀ.ਐਚ. ਲੁਧਿਆਣਾ ਦੀ ਡਾ. ਮਿਲਨ ਵਰਮਾ ਨੂੰ ਬੈਸਟ ਐਨ.ਐਸ.ਵੀ. ਪ੍ਰੋਵਾਈਡਰ ਚੁਣਿਆ ਗਿਆ, ਮਿਨੀ ਲੈਪ ਵਿਚ ਜਿਲ੍ਹਾ ਹਸਪਤਾਲ ਅੰਮ੍ਰਿਤਸਰ ਤੋਂ ਡਾ ਅਸ਼ਵਨੀ ਕੁਮਾਰ ਪਹਿਲੇ ਸਥਾਨ `ਤੇ ਰਹੇ। ਪੀ.ਪੀ.ਆਈ.ਯੂ.ਸੀ.ਡੀ. ਪ੍ਰੋਵਾਇਡਰ ਸ਼੍ਰੇਣੀ ਸੀ.ਐਚ. ਬਰਨਾਲਾ ਦੀ ਡਾ. ਈਸ਼ਾ ਗੁਪਤਾ ਪਹਿਲੇ ਨੰਬਰ `ਤੇ ਰਹੀ, ਸੀ.ਐਚ. ਬਰਨਾਲਾ ਤੋਂ ਸਟਾਫ ਨਰਸ ਸੰਦੀਪ ਕੌਰ ਨੂੰ ਸਰਬੋਤਮ ਸਟਾਫ਼ ਨਰਸ ਚੁਣਿਆ ਗਿਆ, ਸੀ.ਐਚ. ਲੁਧਿਆਣਾ ਦੀ ਸ਼ੀਤਲ ਨੂੰ ਬੈਸਟ ਆਸ਼ਾ ਵਰਕਰ, ਸੀ.ਐਚ. ਲੁਧਿਆਣਾ ਤੋਂ ਦਵਿੰਦਰ ਕੌਰ ਨੂੰ ਬੈਸਟ ਏਐਨਐਮ, ਸੀਐਚ ਸੰਗਰੂਰ ਤੋਂ ਸੁਖਵਿੰਦਰ ਨੂੰ ਬੈਸਟ ਐਮਪੀਐਚਡਬਲਯੂ (ਪੁਰਸ਼), ਸੀਐਚ ਜਲੰਧਰ ਤੋਂ ਅਮਰਜੀਤ ਨੂੰ ਬੈਸਟ ਐਮਪੀਐਚਡਬਲਯੂ (ਮਹਿਲਾ) ਚੁਣਿਆ ਗਿਆ।