ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਤੇ ਖੂਬਸੂਰਤੀ ਉੱਪਰ 20 ਲੱਖ ਰੁਪਏ ਖਰਚ ਕੀਤੇ ਜਾਣਗੇ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ ਮਈ 15
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਕ ਸ਼ਹਿਰ ਬਟਾਲਾ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ ਹੁਣ ਇਸਨੂੰ ਵਿਰਾਸਤੀ ਦਿੱਖ ਦੇਣ ਦੇ ਉਪਰਾਲੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਦੇ ਨਹਿਰੂ ਗੇਟ ਤੋਂ ਸ਼ਹਿਰ ਦੇ ਇਤਿਹਾਸਕ ਦਰਵਾਜ਼ਿਆਂ ਦੀ ਵਿਰਾਸਤੀ ਦਿੱਖ ਨੂੰ ਨਿਖਾਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਨਹਿਰੂ ਗੇਟ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ  ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਅਤੇ ਵਿਰਾਸਤੀ ਦਿੱਖ ਨੂੰ ਨਿਖਾਰਨ ਲਈ ਸੂਬਾ ਸਰਕਾਰ ਵੱਲੋਂ 20 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਨਹਿਰੂ ਦਰਵਾਜ਼ੇ (ਤੇਲੀ ਦਰਵਾਜ਼ੇ), ਖਜ਼ੂਰੀ ਦਰਵਾਜ਼ੇ, ਕਪੂਰੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਦੀ ਮੁਰੰਮਤ ਕਰਨ ਦੇ ਨਾਲ ਇਨਾਂ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਓਥੇ ਇਸ ਪੁਰਾਤਨ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਵੀ ਉਜਾਗਰ ਕਰਨ ਲਈ ਪੂਰੀ ਤਰਾਂ ਸੁਹਿਰਦ ਹੈ। ਦੱਸਣਯੋਗ ਹੈ ਕਿ ਭੱਟੀ ਰਾਜਪੂਤ ਰਾਜਾ ਰਾਮਦੇਓ ਭੱਟੀ ਵੱਲੋਂ ਸੰਨ 1465 ਵਿੱਚ ਬਟਾਲਾ ਸ਼ਹਿਰ ਦੀ ਬੁਨਿਆਦ ਰੱਖੀ ਗਈ ਸੀ ਅਤੇ ਕਿਲਾ ਨੁਮਾ ਇਸ ਸ਼ਹਿਰ ਦੇ 12 ਦਰਵਾਜ਼ੇ ਸਨ। ਇਨਾਂ ਦਰਵਾਜ਼ਿਆਂ ਦੇ ਨਾਮ ਖਜ਼ੂਰੀ ਦਰਵਾਜ਼ਾ (ਇਸ ਗੇਟ ਦਾ ਨਾਮ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਵੀ ਹੈ), ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸ ਦਰਵਾਜ਼ੇ ਨੂੰ ਨਸੀਰਉੱਲ ਹੱਕ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਅੱਚਲੀ ਦਰਵਾਜ਼ਾ, ਹਾਥੀ ਦਰਵਾਜ਼ਾ (ਇਸ ਦਰਵਾਜ਼ੇ ਨੂੰ ਫੀਲੀ ਦਰਵਾਜ਼ਾ ਵੀ ਕਹਿੰਦੇ ਸਨ), ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ, ਓਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ (ਹੁਣ ਇਸ ਨੂੰ ਸ਼ੇਰਾਂ ਵਾਲਾ ਗੇਟ ਅਤੇ ਨਹਿਰੂ ਗੇਟ ਵੀ ਕਹਿੰਦੇ ਹਨ) ਸਨ। ਇਸ ਸਮੇਂ 12 ਦਰਵਾਜ਼ਿਆਂ ਵਿੱਚੋਂ ਕੇਵਲ ਤੇਲੀ ਦਰਵਾਜ਼ਾ, ਖਜ਼ੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ, ਕਪੂਰੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਚੇ ਹਨ, ਜਦਕਿ ਬਾਕੀ 7 ਦਰਵਾਜ਼ੇ ਖਤਮ ਹੋ ਚੁੱਕੇ ਹਨ। ਇਸ ਮੌਕੇ ਉਨਾਂ ਨਾਲ ਮੇਅਰ ਨਗਰ ਨਿਗਮ  ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਨਗਰ ਨਿਗਮ  ਬਲਵਿੰਦਰ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਕੌਂਸਲਰ ਚੰਦਰ ਮੋਹਨ, ਜ਼ਿਲਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ, ਐਕਸੀਅਨ ਭਾਟੀਆ, ਗੌਤਮ ਸੇਠ ਗੁੱਡੂ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਠੇਕੇਦਾਰ ਵਿੱਕੀ, ਵਿਜੇ ਕੁਮਾਰ, ਪ੍ਰੋਫੈਸਰ ਜਸਬੀਰ ਸਿੰਘ, ਅਨੁਰਾਗ ਮਹਿਤਾ, ਰਾਜਬੀਰ ਸਿੰਘ  ਸਮੇਤ ਹੋਰ ਮੋਹਤਬਰ ਵੀ ਹਾਜ਼ਰ ਸਨ।    

More from this section