ਪੰਜਾਬ

ਵਰਜਿਤ ਖੇਤਰਾ ਵਿਖੇ ਕੈਂਪ ਲਗਾ ਕੇ ਲੋਕਾਂ ਦੇ ਕੀਤੇ ਜਾ ਰਹੇ ਹਨ ਕਰੋਨਾ ਟੈਸਟ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਮਈ 27
ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾ `ਤੇ ਜ਼ਿਲੇ੍ਹ ਅੰਦਰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਅਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਕਰੋਨਾ ਦੇ ਵੱਧ ਆਏ ਪਾਜੀਟਿਵ ਆਏ ਕੇਸਾਂ ਦੇ ਖੇਤਰਾਂ ਨੂੰ ਵਰਜਿਤ ਖੇਤਰ ਐਲਾਣਦੇ ਹੋਏ ਟੈਸਟਿੰਗ ਨੂੰ ਵਧੇਰੇ ਤਵਜੋਂ ਦਿੱਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਐਸ.ਡੀ.ਐਮ. ਅਬੋਹਰ  ਸਾਗਰ ਸੇਤੀਆ ਨੇ ਦੱਸਿਆ ਕਿ ਤਹਿਸੀਲ ਅਬੋਹਰ ਦੇ ਵਰਜਿਤ ਖੇਤਰਾਂ ਵਿਖੇ ਹਰ ਵਿਅਕਤੀ ਦੀ ਟੈਸਟਿੰਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜ਼ੋ ਕਰੋਨਾ ਦੇ ਪ੍ਰਕੋਪ ਨੂੰ ਹੋਰ ਇਲਾਕਿਆਂ `ਚ ਵੱਧਣ ਤੋਂ ਰੋਕਿਆ ਜਾ ਸਕੇ। ਇਸ ਤਹਿਤ ਵਰਜਿਤ ਖੇਤਰ ਪਿੰਡ ਕਿਲਿਆਂ ਵਾਲੀ ਵਿਖੇ ਕੈਂਪ ਲਗਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਕਰੋਨਾ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਜਿਤ ਖੇਤਰਾਂ `ਚ ਲੋਕਾਂ ਦੇ ਆਉਣ-ਜਾਣ `ਤੇ ਵੀ ਮਨਾਹੀ ਹੈ ਅਤੇ ਹਰੇਕ ਵਿਅਕਤੀ ਦਾ ਕਰੋਨਾ ਦਾ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਖੰਘ, ਜੁਕਾਮ, ਬੁਖਾਰ, ਬਦਨ ਦਰਦ ਆਦਿ ਲੱਛਣ ਹੋਣ `ਤੇ ਟੈਸਟ ਜ਼ਰੂਰ ਕਰਵਾਇਆ ਜਾਵੇ ਤਾਂ ਜ਼ੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇਅ ਵੀ ਕੀਤਾ ਜਾ ਰਿਹਾ ਹੈ ਤਾਂ ਜ਼ੋ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹਿ ਸਕੇ।