ਪੰਜਾਬ

ਲੋਕਾਂ ਨੂੰ ਬਿਹਤਰ ਢੰਗ ਨਾਲ ਸਹੂਲਤਾ ਮੁਹੱਈਆ ਕਰਵਾਉਣ ਲਈ ਸਰਕਾਰੀ ਕਰਮਚਾਰੀਆਂ ਲਈ ਮੈਗਸੀਪਾ ਵੱਲੋਂ ਸਿਖਲਾਈ ਪ੍ਰੋਗਰਾਮ ਆਯੋਜਿਤ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ,ਅਕਤੂਬਰ 06

ਅਧਿਕਾਰੀਆਂ ਤੇ ਕਰਮਚਾਰੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਬਿਹਤਰ ਢੰਗ ਤੇ ਸਮਾਂਬੱਧ ਤਰੀਕੇ ਨਾਲ ਸਹੂਲਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਉਸ਼ਨ ਆਫ ਪਬਲਿਕ ਐਡਮਿਨਸਟਰੇਸ਼ਨ (ਮੈਗਸੀਪਾ) ਰਿਜਨਲ ਸੈਂਟਰ ਬਠਿੰਡਾ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਕੁਆਲਿਟੀ ਮੈਨੇਜਮੈਂਟ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਦੌਰਾਨ ਸਹਾਇਕ ਪ੍ਰੋਫੈਸਰ ਡਾ. ਵਿਕਾਸਦੀਪ ਅਤੇ ਡਾ. ਰਾਕੇਸ਼ ਸਹਿਗਲ ਵੱਲੋਂ ਕਰਮਚਾਰੀਆਂ ਨੂੰ ਦਫਤਰਾਂ ਵਿਚ ਵਿਚਰਨ ਅਤੇ ਕੰਮ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਤੇ ਯੋਜਨਾਵਾਂ ਚਲਦੀਆਂ ਹਨ ਜਿਸ ਨੂੰ ਦਫਤਰੀ ਕੰਮ-ਕਾਜ ਰਾਹੀਂ ਕਰਮਚਾਰੀਆਂ ਵੱਲੋਂ ਅੱਗੇ ਲੋਕਾਂ ਤੱਕ ਪਹੰੁਚਾਉਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰੋਗਰਾਮ ਕਰਵਾਉਣ ਦਾ ਮੰਤਵ ਕਰਮਚਾਰੀਆਂ ਦੇ ਗਿਆਨ ਵਿਚ ਵਾਧਾ ਹੋਵੇ ਅਤੇ ਕੰਮ ਵਿਚ ਹੋਰ ਗੁਣਵਤਾ ਆਵੇ ਤਾਂ ਜ਼ੋ ਸੁਖਾਵੇ ਢੰਗ ਨਾਲ ਲੋਕਾਂ ਨੂੰ ਸਕੀਮਾਂ ਤੇ ਯੋਜਨਾਵਾਂ ਤਹਿਤ ਲਾਭ ਪੁਜਦਾ ਕੀਤਾ ਜਾਵੇ। ਇਸ ਮੌਕੇ ਸ੍ਰੀ ਮਨਦੀਪ ਸਿੰਘ ਕੋਆਰਡੀਨੇਟਰ ਸੈਂਟਰ ਬਠਿੰਡਾ ਨੇ ਕਿਹਾ ਕਿ ਲੋਕਾਂ ਨੂੰ ਸਮਾਂਬਧ ਤੇ ਬਿਨਾ ਖੁਜਲ-ਖੁਆਰੀ ਦੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਨਲਾਈਨ ਸਿਸਟਮ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ ਤਾਂ ਜ਼ੋ ਲੋਕਾਂ ਨੂੰ ਦਫਤਰਾਂ ਵਿਖੇ ਆਉਣਾ ਨਾ ਪਵੇ, ਘਰ ਬੈਠੇ ਹੀ ਲੋਕਾਂ ਦੇ ਕੰਮ ਹੋ ਜਾਣ।ਉਨ੍ਹਾਂ ਕਿਹਾ ਕਿ ਮਾਹਰਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਰਸੈਨਲਿਟੀ ਡਿਵੈਲਪਮੈਂਟ, ਈ.ਆਫਿਸ, ਆਰ.ਟੀ. ਆਈ ਆਦਿ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸਿਖਲਾਈ ਮੁਹੱਈਆ ਕਰਵਾਈ ਗਈ। ਇਸ ਮੌਕੇ ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਨੋਡਲ ਅਫਸਰ ਡੈਪੋ, ਸ੍ਰੀ ਗੁਰਛਿੰਦਰ ਪਾਲ ਸਿੰਘ, ਪੁਲਿਸ ਵਿਭਾਗ, ਰੋਜ਼ਗਾਰ ਵਿਭਾਗ, ਭੂਮੀ ਰੱਖਿਆ ਵਿਭਾਗ, ਐਕਸਾਈਜ ਵਿਭਾਗ ਆਦਿ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।