ਪੰਜਾਬ

ਲੁਧਿਆਣਾ ਵਿੱਚ 18-44 ਉਮਰ ਵਰਗ ਦੇ ਉਸਾਰੂ ਕਾਮਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ ਮਈ 11

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਲੁਧਿਆਣਾ ਵਿਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੂ ਕਾਮਿਆਂ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸਰਮਾ ਵੀ ਮੌਜੂਦ ਸਨ।

ਮੁਹਿੰਮ ਦੀ ਸ਼ੁਰੂਆਤ ਕਰਦਿਆਂ  ਬਿੰਦਰਾ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਅਤੇ ਇਸ ਨਾਲ ਨਜਿੱਠਣ ਦਾ ਇੱਕੋ-ਇੱਕ ਢੰਗ ਹੈ।

ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਜੇ. ਐਲਨਚੇਜੀਅਨ ਅਤੇ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੀ ਹਾਜ਼ਰੀ ਵਿੱਚ ਉਹਨਾਂ ਕਿਹਾ ਕਿ ਉਸਾਰੂ ਕਾਮਿਆਂ ਨੂੰ ਉੱਚ ਜੋਖਮ ਵਾਲੀ ਸ੍ਰੇਣੀ ਵਿੱਚ ਸਾਮਲ ਕੀਤਾ ਗਿਆ ਹੈ ਅਤੇ ਉਨਾਂ ਦਾ ਤਰਜ਼ੀਹੀ ਆਧਾਰ ‘ਤੇ ਟੀਕਾਕਰਨ ਕੀਤਾ ਜਾਵੇਗਾ।

ਬਿੰਦਰਾ ਨੇ ਕਿਹਾ ਕਿ ਇਹ ਟੀਕਾ ਕੋਰੋਨਾ ਲਾਗ ਤੋਂ ਬਚਾਅ ਕਰੇਗਾ ਅਤੇ ਜੇ ਪਰਸਪਰ ਪ੍ਰਭਾਵ ਕਾਰਨ ਇਹ ਲਾਗ ਲੱਗ ਜਾਂਦਾ ਹੈ, ਤਾਂ ਇਹ ਲਾਗ ਵਧੇਰੇ ਅਸਰਦਾਰ ਨਹੀਂ ਹੋਵੇਗਾ।

ਪੀਵਾਈਡੀਬੀ ਦੇ ਚੇਅਰਮੈਨ ਨੇ ਕਿਹਾ ਕਿ ਬੋਰਡ ਪਹਿਲਾਂ ਹੀ ਸੂਬੇ ਵਿੱਚ 33 ਟੀਕਾਕਰਨ ਕੈਂਪ ਲਗਾ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਆਪ ਨੂੰ ਟੀਕਾ ਲਗਵਾਉਣ।

ਸਾਰੇ ਪਤਵੰਤਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਜਦੀਕੀ ਸਰਕਾਰੀ / ਨਿੱਜੀ ਸਿਹਤ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਟੀਕਾ ਲਗਵਾਕੇ ਮਹਾਂਮਾਰੀ ਦੀ ਜਲਦ ਤੋਂ ਜਲਦ ਰੋਕਥਾਮ ਲਈ ਪ੍ਰਸਾਸਨ ਦਾ ਸਾਥ ਦੇਣ।

ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ 25000 ਰਜਿਸਟਰਡ ਉਸਾਰੂ ਕਾਮੇ ਹਨ ਅਤੇ ਇਹਨਾਂ ਨੂੰ ਤਰਜ਼ੀਹੀ ਆਧਾਰ ‘ਤੇ ਕਵਰ ਕੀਤਾ ਜਾਵੇਗਾ।