ਦੇਸ਼-ਦੁਨੀਆ

ਲਖੀਮਪੁਰ ਖੀਰੀ ‘ਚ ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ

ਫ਼ੈਕ੍ਟ ਸਮਾਚਾਰ ਸੇਵਾ
ਲਖਨਊ ਅਕਤੂਬਰ 04

ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਕ ਘਟਨਾ ਨੂੰ ਲੈ ਕੇ ਕਿਸਾਨਾਂ ’ਚ ਰੋਹ ਹੈ, ਉੱਥੇ ਹੀ ਸੂਬੇ ਦੀ ਸਿਆਸਤ ਗਰਮਾ ਗਈ ਹੈ। ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਜੱਦੀ ਪਿੰਡ ਜਾਣ ਦੇ ਵਿਰੋਧ ਦੌਰਾਨ ਹਿੰਸਕ ਟਕਰਾਅ ਹੋਇਆ। ਇਸ ਹਿੰਸਕ ਘਟਨਾ ’ਚ 4 ਕਿਸਾਨਾਂ ਸਮੇਤ ਹੁਣ ਤੱਕ 8 ਲੋਕਾਂ ਦੀ ਜਾਨ ਚੱਲੀ ਗਈ। ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਕਾਲੇ ਝੰਡੇ ਵਿਖਾਉਣ ਲਈ ਖੜ੍ਹੇ ਕਿਸਾਨਾਂ ਦੀ ਭਾਜਪਾ ਆਗੂਆਂ ਨਾਲ ਝੜਪ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਨੇ ਕਿਸਾਨਾਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ’ਚ 4 ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਅਤੇ ਭਾਜਪਾ ਵਰਕਰਾਂ ਵਿਚਾਲੇ ਹਿੰਸਕ ਝੜਪ ਹੋਈ। ਜਾਣਬੁੱਝ ਕੇ ਗੱਡੀ ਚੜ੍ਹਾਉਣ ਦਾ ਦੋਸ਼ ਲਾਉਂਦੇ ਹੋਏ ਗੁੱਸੇ ਵਿਚ ਆਏ ਕਿਸਾਨਾਂ ਨੇ ਮੰਤਰੀ ਦੇ ਪੁੱਤਰ ਦੀਆਂ ਦੋ ਗੱਡੀਆਂ ’ਚ ਭੰਨ-ਤੋੜ ਕਰਦੇ ਹੋਏ ਅੱਗ ਲਾ ਦਿੱਤੀ।

ਮੰਤਰੀ ਦੇ ਪੁੱਤਰ ਨੇ ਖੇਤਾਂ ’ਚ ਦੌੜ ਕੇ ਜਾਨ ਬਚਾਈ। ਹਿੰਸਕ ਟਕਰਾਅ ਤੋਂ ਕਿਸਾਨਾਂ ਨੇ ਕਸਬੇ ਦੇ ਇੰਟਰ ਕਾਲਜ ’ਚ ਮਿ੍ਰਤਕ ਕਿਸਾਨਾਂ ਦੀਆਂ ਲਾਸ਼ਾਂ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਦੇਰ ਰਾਤ ਤੱਕ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੰਤਰੀ ਦੇ ਪੁੱਤਰ ਦੀ ਗਿ੍ਰਫ਼ਤਾਰੀ ਹੋਣ ਤੱਕ ਉਹ ਉੱਥੇ ਹੀ ਡਟੇ ਰਹਿਣਗੇ। ਸ਼ਾਸਨ ਨੇ ਲਖਨਊ ਤੋਂ ਪੁਲਸ ਪ੍ਰਸ਼ਾਸਨ ਦੇ ਆਲਾ-ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਦਿੱਤਾ ਹੈ। ਉੱਥੇ ਹੀ ਦੇਰ ਸ਼ਾਮ ਜ਼ਿਲ੍ਹੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਓਧਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਕਹਿਣਾ ਹੈ ਕਿ ਹੰਗਾਮੇ ਦੌਰਾਨ ਕਾਰ ਦੇ ਡਰਾਈਵਰ ਨੂੰ ਪੱਥਰ ਲੱਗਣ ਨਾਲ ਗੱਡੀ ਬੇਕਾਬੂ ਹੋ ਕੇ ਕਿਸਾਨਾਂ ’ਤੇ ਚੜ੍ਹਨ ਨਾਲ ਇਹ ਹਾਦਸਾ ਵਾਪਰਿਆ। ਪੁੱਤਰ ਆਸ਼ੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਉਹ ਖ਼ੁਦ ਗੱਡੀ ਵਿਚ ਨਹੀਂ ਸੀ। ਉਨ੍ਹਾਂ ਦੇ ਵਰਕਰ ਤਿੰਨ ਵਾਹਨਾਂ ਤੋਂ ਉੱਪ-ਮੁੱਖ ਮੰਤਰੀ ਦੇ ਸਵਾਗਤ ਲਈ ਜਾ ਰਹੇ ਸਨ।

ਦਰਅਸਲ ਅਜੇ ਮਿਸ਼ਰਾ ਟੇਨੀ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਲੈ ਕੇ ਧਮਕੀ ਭਰਿਆ ਵਿਵਾਦਿਤ ਬਿਆਨ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ਵਿਚ ਮੰਤਰੀ ਅਜੇ ਮਿਸ਼ਰਾ ਕਹਿੰਦੇ ਹਨ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਜੇਕਰ ਮੈਂ ਪਹੁੰਚ ਗਿਆ ਤਾਂ ਭੱਜਣ ਦਾ ਰਾਹ ਨਹੀਂ ਮਿਲੇਗਾ। ਲੋਕ ਜਾਣਦੇ ਹਨ ਕਿ ਮੈਂ ਵਿਧਾਇਕ, ਸੰਸਦ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ, ਜਿਸ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਹਾਂ, ਉਸ ਨੂੰ ਪੂਰਾ ਕਰ ਕੇ ਹੀ ਸਾਹ ਲੈਂਦਾ ਹਾਂ। ਸੁਧਰ ਜਾਓ, ਨਹੀਂ ਤਾਂ 2 ਮਿੰਟ ਦਾ ਸਮਾਂ ਲੱਗੇਗਾ, ਲਖੀਮਪੁਰ ਖੀਰੀ ਤੋਂ ਭੱਜਣ ਦਾ ਮੌਕਾ ਨਹੀਂ ਮਿਲੇਗਾ। ਅਜੇ ਮਿਸ਼ਰਾ ਦੇ ਇਸ ਬਿਆਨ ਤੋਂ ਬਾਅਦ ਹੀ ਕਿਸਾਨ ਨਾਰਾਜ਼ ਸਨ।