ਦੇਸ਼-ਦੁਨੀਆ

ਰੱਖੜੀ ਦੇ ਮੌਕੇ ਭੈਣ ਨੇ ਭਰਾ ਨੂੰ ਕਿਡਨੀ ਦੇ ਕੇ ਬਚਾਈ ਜਾਨ

ਫ਼ੈਕ੍ਟ ਸਮਾਚਾਰ ਸੇਵਾ
ਝੁੰਝੁਨੂੰ ਅਗਸਤ 23
ਰੱਖੜੀ ਭਰਾ-ਭੈਣ ਦੇ ਪਿਆਰ ਦਾ ਤਿਉਹਾਰ ਹੈ। ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਬਦਲੇ ਵਿਚ ਭਰਾ ਆਪਣੀ ਭੈਣ ਨੂੰ ਤੋਹਫ਼ਾ ਦਿੰਦਾ ਹੈ। ਇਸ ਰੱਖੜੀ ’ਤੇ ਅਸੀਂ ਤੁਹਾਨੂੰ ਅਜਿਹੀ ਭੈਣ ਨਾਲ ਮਿਲਵਾ ਰਹੇ ਹਾਂ, ਜਿਸ ਨੇ ਆਪਣੇ ਛੋਟੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਹੀ ਨਹੀਂ ਕੀਤੀ ਸਗੋਂ ਆਪਣੀ ਕਿਡਨੀ ਦੇ ਕੇ ਉਸ ਨੂੰ ਲੰਬੀ ਉਮਰ ਦਾ ਤੋਹਫ਼ਾ ਹੀ ਦੇ ਦਿੱਤਾ। ਇਹ ਕਹਾਣੀ ਹੈ ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਖੇਤੜੀ ਨਗਰ ਦੀ, ਜਿੱਥੇ ਰੱਖੜੀ ’ਤੇ ਇਕ ਭੈਣ ਨੇ ਛੋਟੇ ਭਰਾ ਨੂੰ ਆਪਣੀ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ ਹੈ। ਖੇਤੜੀ ਸਬ-ਡਿਵੀਜ਼ਨ ਦੇ ਡਾਡਾ ਫਤਿਹਪੁਰਾ ਪਿੰਡ ਦੀ ਮਹਿਲਾ ਨੇ ਰੱਖੜੀ ਤੋਂ ਮਹਿਜ 4 ਦਿਨ ਪਹਿਲਾਂ ਆਪਣੇ ਛੋਟੇ ਭਰਾ ਨੂੰ ਕਿਡਨੀ ਦੇ ਕੇ ਉਸ ਨੂੰ ਬਚਾਅ ਲਿਆ। ਦੋਹਾਂ ਨੇ ਰੱਖੜੀ ਦਾ ਤਿਉਹਾਰ ਵੀ ਦਿੱਲੀ ਦੇ ਅਪੋਲੋ ਹਸਪਤਾਲ ’ਚ ਹੀ ਮਨਾਇਆ। ਇਸ ਮੌਕੇ ਭੈਣ ਨੇ ਆਪਣੇ ਭਰਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਖੇਤੜੀ ਦੀ 49 ਸਾਲਾ ਗੁੱਡੀ ਦੇਵੀ ਨੇ ਆਪਣੇ ਛੋਟੇ ਭਰਾ ਖੁਡਾਨਾ ਮਹਿੰਦਰਗੜ੍ਹ ਵਾਸੀ ਸੁੰਦਰ ਸਿੰਘ (47) ਨੂੰ ਕਿਡਨੀ ਦਿੱਤੀ ਹੈ। ਗੁੱਡੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸੁੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਸੀ। ਇਸ ਦੇ ਚੱਲਦੇ ਦਿੱਲੀ ਦੇ ਅਪੋਲੋ ਹਸਪਤਾਲ ’ਚ ਜਾਂਚ ’ਚ ਪਤਾ ਲੱਗਾ ਕਿ ਦੋਵੇਂ ਕਿਡਨੀਆਂ ਖ਼ਰਾਬ ਹਨ। ਜਲਦੀ ਨਹੀਂ ਬਦਲਦੀਆਂ ਗਈਆਂ ਤਾਂ ਭਰਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜਿਸ ਤੋਂ ਬਾਅਦ ਗੁੱਡੀ ਦੇਵੀ ਨੇ 19 ਅਗਸਤ ਨੂੰ ਆਪਣੇ ਭਰਾ ਨੂੰ ਕਿਡਨੀ ਦੇ ਕੇ ਉਸ ਦੀ ਜਾਨ ਬਚਾਅ ਲਈ। ਗੁੱਡੀ ਦੇਵੀ ਅਤੇ ਸੁੰਦਰ ਦੇਵੀ 4 ਭਰਾ ਅਤੇ 3 ਭੈਣਾਂ ਹਨ। ਸੁੰਦਰ ਸਿੰਘ ਸਭ ਤੋਂ ਛੋਟੇ ਹਨ। ਗੁੱਡੀ ਦੇਵੀ ਉਸ ਤੋਂ ਵੱਡੀ ਹੈ, ਦੋ ਭਰਾ ਫ਼ੌਜ ਵਿਚ ਹਨ, ਇਸ ਲਈ ਉਹ ਕਿਡਨੀ ਨਹੀਂ ਦੇ ਸਕਦੇ ਸਨ। ਸੁੰਦਰ ਸਿੰਘ ਦੀ ਪਤਨੀ ਬੀ. ਪੀ. ਅਤੇ ਸ਼ੂਗਰ ਦੀ ਮਰੀਜ਼ ਹੈ, ਇਸ ਕਰ ਕੇ ਉਹ ਵੀ ਕਿਡਨੀ ਨਹੀਂ ਦੇ ਸਕਦੀ ਸੀ। ਸੁੰਦਰ ਦੇ ਦੋਵੇਂ ਬੱਚੇ ਛੋਟੇ ਹਨ।