ਦੇਸ਼-ਦੁਨੀਆ

ਰੱਖੜੀ ਦੇ ਮੌਕੇ ‘ਤੇ ਭਾਰਤੀ ਰੇਲਵੇ ਦਾ ਮਹਿਲਾਵਾਂ ਨੂੰ ਖ਼ਾਸ ਤੋਹਫ਼ਾ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਅਗਸਤ 16
ਭਾਰਤੀ ਰੇਲਵੇ (ਆਈ.ਆਰ.ਸੀ.ਟੀ.ਸੀ.) ਵਲੋਂ ਮਹਿਲਾਵਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਇਸ ਦੇ ਤਹਿਤ ਇਸ ਸਾਲ ਰੱਖੜੀ ਦੇ ਮੌਕੇ ‘ਤੇ IRCTC ਬੀਬੀਆਂ ਨੂੰ ਇੱਕ ਵਿਸ਼ੇਸ਼ ਕੈਸ਼ਬੈਕ ਆਫਰ (IRCTC ਕੈਸ਼ਬੈਕ ਆਫਰ) ਦੇ ਰਿਹਾ ਹੈ। ਜੇਕਰ ਮਹਿਲਾਵਾਂ 15 ਅਗਸਤ ਤੋਂ 24 ਅਗਸਤ ਦਰਮਿਆਨ ਰੇਲਵੇ ਦੀਆਂ ਦੋ ਪ੍ਰੀਮੀਅਮ ਟਰੇਨਾਂ ਵਿੱਚ ਸਫ਼ਰ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਕੈਸ਼ਬੈਕ ਮਿਲੇਗਾ। ਆਓ ਜਾਣਦੇ ਹਾਂ ਰੱਖੜੀ ਦੇ ਮੌਕੇ ‘ਤੇ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਦਿੱਤੀ ਜਾ ਰਹੀ ਇਸ ਪੇਸ਼ਕਸ਼ ਬਾਰੇ ਹੋਰ ਵਿਸਥਾਰ ਨਾਲ… ਆਈ.ਆਰ.ਸੀ.ਟੀ.ਸੀ. ਵਲੋਂ ਇਹ ਆਫ਼ਰ ਦੋ ਤੇਜਸ ਐਕਸਪ੍ਰੈੱਸ ਟ੍ਰੇਨਾਂ ਵਿਚ ਯਾਤਰਾ ਲਈ ਦਿੱਤਾ ਜਾ ਰਿਹਾ ਹੈ। ਪਹਿਲੀ ਟ੍ਰੇਨ ਹੈ ਦਿੱਲੀ ਅਤੇ ਲਖਨਊ ਦਰਮਿਆਨ ਚਲਣ ਵਾਲੀ ਤੇਜਸ ਐਕਸਪ੍ਰੈੱਸ ਅਤੇ ਦੂਜੀ ਹੈ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਚਲਣ ਵਾਲੀ ਤੇਜਸ ਐਕਸਪ੍ਰੈੱਸ। 15 ਅਗਸਤ ਤੋਂ 24 ਅਗਸਤ ਦਰਮਿਆਨ ਇਨ੍ਹਾਂ ਟ੍ਰੇਨਾਂ ਵਿਚ ਯਾਤਰਾ ਕਰਨ ਵਾਲੀਆਂ ਬੀਬੀਆਂ ਨੂੰ ਟ੍ਰੇਨ ਦੇ ਕਿਰਾਏ ਦਾ 5 ਫ਼ੀਸਦੀ ਕੈਸ਼ਬੈਕ ਦੇ ਰੂਪ ਵਿਚ ਦਿੱਤਾ ਜਾਵੇਗਾ। ਇਹ ਕੈਸ਼ਬੈਕ ਉਸੇ ਖ਼ਾਤੇ ਵਿਚ ਜਾਵੇਗਾ ਜਿਸ ਖ਼ਾਤੇ ਵਿਚੋਂ ਟਿਕਟ ਬੁੱਕ ਕਰਵਾਈ ਗਈ ਹੋਵੇਗੀ। 15 ਅਗਸਤ ਤੋਂ ਲੈ ਕੇ 24 ਅਗਸਤ ਤੱਕ ਮਹਿਲਾਵਾਂ ਜਿੰਨੀ ਵਾਰ ਚਾਹੁਣ ਯਾਤਰਾ ਕਰ ਸਕਦੀਆਂ ਹਨ। ਜੇਕਰ ਕਿਸੇ ਮਹਿਲਾ ਨੇ ਪਹਿਲਾਂ ਹੀ ਟਿਕਟ ਬੁੱਕ ਕਰਵਾਈ ਹੈ ਜਦੋਂ ਇਹ ਆਫਰ ਨਹੀਂ ਸੀ ਤਾਂ ਵੀ ਮਹਿਲਾਵਾਂ ਇਸ ਆਫਰ ਦਾ ਲਾਭ ਲੈ ਸਕਦੀਆਂ ਹਨ। ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਦੋ ਪ੍ਰੀਮੀਅਮ ਤੇਜਸ ਐਕਸਪ੍ਰੈਸ ਟ੍ਰੇਨਾਂ ਦਾ ਸੰਚਾਲਨ 7 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਨ੍ਹਾਂ ਰੇਲ ਗੱਡੀਆਂ ਨੂੰ ਲਗਭਗ 4 ਮਹੀਨੇ ਪਹਿਲਾਂ ਰੋਕ ਦਿੱਤਾ ਗਿਆ ਸੀ। ਇਸ ਵੇਲੇ ਇਹ ਰੇਲ ਗੱਡੀਆਂ ਹਫ਼ਤੇ ਵਿੱਚ 4 ਦਿਨ ਚੱਲ ਰਹੀਆਂ ਹਨ, ਜੋ ਪਹਿਲਾਂ 6 ਦਿਨ ਚੱਲਦੀਆਂ ਸਨ। ਇਹ ਟ੍ਰੇਨਾਂ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਚੱਲਣਗੀਆਂ। ਯਾਤਰੀਆਂ ਨੂੰ ਤੇਜਸ ਐਕਸਪ੍ਰੈਸ ਵਿੱਚ ਕੋਈ ਛੂਟ ਵਾਲੀ ਟਿਕਟ ਨਹੀਂ ਮਿਲੇਗੀ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟਿਕਟ ਨਹੀਂ ਲਈ ਜਾਵੇਗੀ ਅਤੇ ਉਸ ਦੀ ਟਿਕਟ ਮਾਂ-ਬਾਪ ਦੇ ਨਾਲ ਹੀ ਬਣੇਗੀ। ਜੇਕਰ ਬੱਚੇ ਦੀ ਉਮਰ 5 ਸਾਲ ਤੋਂ ਜ਼ਿਆਦਾ ਹੈ ਤਾਂ ਇਸ ਦਾ ਪੂਰਾ ਕਿਰਾਇਆ ਲੱਗੇਗਾ ਅਤੇ ਸੀਟ ਵੀ ਪੂਰੀ ਮਿਲੇਗੀ। ਦਿੱਲੀ ਤੋਂ ਚਲਣ ਵਾਲੀ ਤੇਜਸ ਐਕਸਪ੍ਰੈਸ ਦੁਪਹਿਰ 3.40 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਰਾਤ 10.05 ਵਜੇ ਲਖਨਊ ਪਹੁੰਚੇਗੀ। ਇਸ ਦੇ ਨਾਲ ਹੀ ਇਹ ਰੇਲ ਗੱਡੀ ਲਖਨਊ ਤੋਂ ਸਵੇਰੇ 6.10 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12.25 ਵਜੇ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ, ਮੁੰਬਈ ਤੋਂ ਨਿਕਲਣ ਵਾਲੀ ਤੇਜਸ ਐਕਸਪ੍ਰੈਸ ਦੁਪਹਿਰ 3.45 ਵਜੇ ਰਵਾਨਾ ਹੋਵੇਗੀ ਅਤੇ 10.05 ਵਜੇ ਅਹਿਮਦਾਬਾਦ ਪਹੁੰਚੇਗੀ। ਇਸ ਦੇ ਨਾਲ ਹੀ ਇਹ ਟ੍ਰੇਨ ਅਹਿਮਦਾਬਾਦ ਤੋਂ ਸਵੇਰੇ 6.40 ਵਜੇ ਰਵਾਨਾ ਹੋਵੇਗੀ ਅਤੇ 1.05 ਵਜੇ ਮੁੰਬਈ ਪਹੁੰਚੇਗੀ।