ਪੰਜਾਬ

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਲਈ ਬਣਿਆ ਆਸ ਦੀ ਕਿਰਨ

ਫ਼ੈਕ੍ਟ ਸਮਾਚਾਰ ਸੇਵਾ
ਪਟਿਆਲਾ, ਜੂਨ 27
ਕੋਵਿਡ-19 ਮਹਾਂਮਾਰੀ ਦੌਰਾਨ ਪਟਿਆਲਾ ਸ਼ਹਿਰ ਦੇ ਵਸਨੀਕ ਗੌਰਵ ਸਿੰਗਲਾ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਆਸ ਦੀ ਨਵੀਂ ਕਿਰਨ ਬਣਕੇ ਆਇਆ, ਜਿਥੋਂ ਉਸਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਪ੍ਰਾਪਤ ਹੋਈ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਗੌਰਵ ਸਿੰਗਲਾ ਨੇ ਦੱਸਿਆ ਕਿ ਉਹ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਬੀ.ਐਸ.ਸੀ. ਨਾਨ ਮੈਡੀਕਲ ਤੋਂ ਬਾਅਦ ਉਸਨੇ ਤਿੰਨ ਸਾਲ ਨਾਭਾ ਅਤੇ ਮੋਹਾਲੀ ਵਿਖੇ ਨੌਕਰੀ ਕੀਤੀ ਪਰ ਕਰੋਨਾ ਮਹਾਂਮਾਰੀ ਕਾਰਨ ਉਸਦੀ ਨੌਕਰੀ ਚੱਲੀ ਗਈ, ਜਿਸ ਕਾਰਨ ਘਰ ‘ਚ ਆਰਥਿਕ ਤੰਗੀ ਵੀ ਆਈ। ਗੌਰਵ ਸਿੰਗਲਾ ਨੇ ਦੱਸਿਆ ਕਿ ਇੱਕ ਦਿਨ ਫੇਸਬੁੱਕ ਤੋਂ ਮੈਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਬਾਰੇ ਪਤਾ ਲੱਗਿਆ ਅਤੇ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ. ਪਟਿਆਲਾ ਵਿਖੇ ਆਇਆ। ਪਲੇਸਮੈਂਟ ਅਫਸਰ ਨੇ ਪੂਰੀ ਗੱਲ ਸੁਨਣ ਤੋਂ ਬਾਅਦ ਡੀ.ਬੀ.ਈ.ਈ. ਪਟਿਆਲਾ ਵਿਖੇ ਮੇਰਾ ਨਾਮ ਦਰਜ ਕੀਤਾ ਅਤੇ ਮੇਰਾ ਨੰਬਰ ਵਟਸਐਪ ਗਰੁੱਪ ਵਿੱਚ ਸ਼ਾਮਿਲ ਕੀਤਾ ਤਾਂ ਜੋ ਪਲੇਸਮੈਂਟ ਕੈਂਪ, ਰੋਜ਼ਗਾਰ ਮੇਲੇ ਅਤੇ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਫੋਨ ‘ਤੇ ਹੀ ਪ੍ਰਾਪਤ ਹੋ ਜਾਵੇ। ਬਿਊਰੋ ਵੱਲੋਂ ਮੇਰਾ ਬਾਇਓਡਾਟਾ ਟਿਊਬ ਪ੍ਰੋਡਕਟਸ ਆਫ਼ ਇੰਡੀਆ ਕੰਪਨੀ ਨਾਲ ਸਾਂਝਾ ਕੀਤਾ ਗਿਆ, ਇੰਟਰਵਿਊ ਕਾਰਵਾਈ ਗਈ। ਟਿਊਬ ਪ੍ਰੋਡਕਟਸ ਆਫ਼ ਇੰਡੀਆ ਕੰਪਨੀ ਵਲੋਂ ਇੰਟਰਵਿਊ ਤੋਂ ਬਾਅਦ ਮੌਕੇ ‘ਤੇ ਹੀ ਬਤੌਰ ਸੀਨੀਅਰ ਇੰਜੀਨੀਅਰ ਪ੍ਰਤੀ ਮਹੀਨਾ 25 ਹਜ਼ਾਰ  ਰੁਪਏ ‘ਤੇ ਮੇਰੀ ਚੋਣ ਕਰ ਲਈ ਗਈ ਹੈ। ਗੌਰਵ ਸਿੰਗਲਾ ਨੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਤੇ ਡੀ.ਬੀ.ਈ.ਈ. ਪਟਿਆਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ  ਕਰਦਿਆ ਕਿਹਾ ਕਿ ਬੇਰੋਜ਼ਗਾਰ ਨੌਜਵਾਨ ਆਪਣੀ ਰਜਿਸਟਰੇਸ਼ਨ ਬਿਊਰੋ ਵਿਖੇ ਜ਼ਰੂਰ ਕਰਵਾਉਣ ਤਾਂ ਜੋ ਰੋਜ਼ਗਾਰ ਦੇ ਬਿਹਤਰ ਮੌਕੇ ਉਨ੍ਹਾਂ ਨੂੰ ਮਿਲ ਸਕਣ।