ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ‘ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ’ ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 24

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵੱਲੋਂ ਲਗਾਤਾਰ ਨਵੇਂ ਤੋਂ ਨਵਾਂ ਮੀਲ ਪੱਥਰ ਗੱਡਿਆ ਜਾ ਰਿਹਾ ਹੈ। ਹੁਣ ਰਾਸ਼ਟਰੀ ਪੱਧਰ ਦੇ ‘ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ’ ਪ੍ਰੋਗਰਾਮ ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ ਹੋਈ ਹੈ।ਭਾਰਤ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਪੂਰਨ ਤੌਰ ’ਤੇ ਕਾਰਜਕੁਸ਼ਲ ਬਣਨ ਦੇ ਅਵਸਰ ਪ੍ਰਦਾਨ ਕਰਨ ਲਈ ਉਲੀਕਿਆ ਹੈ। ਇਸ ਪ੍ਰੋਗਰਾਮ ਲਈ 28 ਰਾਜਾਂ ਅਤੇ 8 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਨਾਮਾਂਕਨ ਹੋਏ 53782 ਵਿਦਿਆਰਥੀਆਂ ਵਿੱਚੋਂ ਸਿਰਫ਼ 125 ਵਿਦਿਆਰਥੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਟ੍ਰੇਨਿੰਗ ਲਈ ਚੁਣੇ ਗਏ ਹਨ। ਇਹਨਾਂ 125 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀ ਪੰਜਾਬ ਨਾਲ ਸਬੰਧਿਤ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਕਸ਼ਿਸ਼ ਸੋਢਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇੇ) ਮਲੋਟ, ਗੁਰਮੀਤ ਸਿੰਘ ਸਸਸਸ ਬਾਜੇਵਾਲਾ, ਸ਼ਰਨਪ੍ਰੀਤ ਸਿੰਘ ਸਸਸਸ ਬਾਜੇਵਾਲਾ, ਜੋਤੀ ਰਾਣੀ ਸਸਸਸ ਅਮਲੋਹ, ਡਿੰਪਲ ਧੀਮਾਨ ਸਸਸਸ ਦੁਨੇਰਾ, ਵੈਸ਼ਾਲੀ ਸ਼ਰਮਾ ਸਸਸਸ ਦੁਨੇਰਾ, ਭਾਵਨਾ ਸਸਸਸ ਧੀਰਾ, ਗਗਨਜੋਤ ਕੌਰ ਸਸਸਸ ਬੁੱਗਾ ਕਲਾਂ, ਗੁਰਕੀਰਤ ਸਿੰਘ ਸਸਸਸ ਬੁੱਗਾ ਕਲਾਂ, ਪਲਕ ਸਸਸਸ ਟਾਂਡਾ ਉੜਮੁੜ, ਅੰਕਿਤਾ ਸਸਸਸ ਟਾਂਡਾ ਉੜਮੁੜ, ਯਾਸਮੀਨ ਸਸਸਸ ਮੁੱਲੇਪੁਰ, ਨਿਤਿਨ ਸ਼ਰਮਾ ਸਰਕਾਰੀ ਹਾਈ ਸਕੂਲ (ਸ ਹ ਸ) ਮੁਲਾਂਪੁਰ ਕਲਾਂ, ਮਨਪ੍ਰੀਤ ਕੌਰ ਸ ਹ ਸ ਟਲਾਂਣੀਆਂ, ਯੁਗਰਾਜ ਸਿੰਘ ਸ ਹ ਸ ਟਲਾਂਣੀਆਂ ਸੁਖਨੈਬ ਸਿੰਘ ਸਸਸਸ ਝੁੰਬਾ, ਸੁਖਚੈਨ ਸਿੰਘ ਸਸਸਸ ਝੁੰਬਾ ਅਤੇ ਮਨਪ੍ਰੀਤ ਕੌਰ ਸਸਸਸ ਜੱਲਾ ਸ਼ਾਮਿਲ ਹੈ। ਇਹ ਵਿਦਿਆਰਥੀ ਅੱਠਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਹਨ।

ਇਹ ਸਿਖਲਾਈ ਤਿੰਨ ਪੜਾਵਾਂ ਵਿੱਚ ਹੋਵੇਗੀ। ਪਹਿਲੇ ਪੜਾਅ ਵਿੱਚ ਦਿੱਤੇ ਗਏ ਆਨਲਾਈਨ ਫਾਰਮੈੱਟ ਅਨੁਸਾਰ ਤਿਆਰ ਕੀਤੇ ਮਾਡਲਾਂ ਦੀ ਵੀਡੀਓ ਸਬਮਿਸ਼ਨ ਕਰਵਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਓਰੀਐਨਟੇਸ਼ਨ ਅਤੇ ਆਨਲਾਈਨ ਟ੍ਰੇਨਿੰਗ ਸੈਸ਼ਨ ਹੋਵੇਗਾ। ਦੂਜੇ ਪੜਾਅ ਵਿੱਚ ਸਰਵੋਤਮ 100 ਵੀਡੀਓਜ਼ ਸ਼ਾਰਟਲਿਸਟ ਕੀਤੀਆਂ ਜਾਣਗੀਆਂ ਅਤੇ ਸਬੰਧਿਤ ਵਿਦਿਆਰਥੀ ਆਪਣੀ ਡੀਪ ਡਾਈਵ ਟ੍ਰੇਨਿੰਗ ਦੀ ਸ਼ੁਰੂਆਤ ਕਰਨਗੇ। ਇਸ ਸੈਸ਼ਨ ਤੋਂ ਬਾਅਦ ਉਹ ਆਪਣੇ ਮਾਡਲਾਂ ’ਤੇ ਦੁਬਾਰਾ ਸਟੱਡੀ ਕਰਕੇ ਅੰਤਿਮ ਰੂਪ ਵਿੱਚ ਆਪਣੇ ਮਾਡਲ ਦੀ ਵਰਕਿੰਗ ਵੀਡੀਓ ਪ੍ਰੋਗਰਾਮ ਦੀ ਵੈੱਬਸਾਈਟ ’ਤੇ ਸਬਮਿੱਟ ਕਰਵਾਉਣਗੇ। ਅੰਤਿਮ ਪੜਾਅ ਵਿੱਚ ਇਹਨਾਂ ਮਾਡਲਾਂ ਵਿੱਚੋਂ ਸਰਵੋਤਮ 50 ਮਾਡਲ ਚੁਣੇ ਜਾਣਗੇ ਅਤੇ ਇਹਨਾਂ ਨਾਲ ਸਬੰਧਿਤ ਵਿਦਿਆਰਥੀ ਆਨਲਾਈਨ ਆਪਣੇ ਮਾਡਲਾਂ ਦੀ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਨਗੇ। ਇਹਨਾਂ 50 ਮਾਡਲਾਂ ਵਿੱਚੋਂ 20 ਸਰਵਸ਼੍ਰੇਸ਼ਠ ਮਾਡਲਾਂ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ।

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਸ਼ਟਰੀ ਪੱਧਰ ਦੇ ਇਸ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਸਕੂਲ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇਦੱਸਿਆ ਕਿ ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਅਤੇ ਇੰਟੈੱਲ ਇੰਡੀਆ ਦੇ ਸਾਂਝੇ ਉੱਦਮਾਂ ਸਦਕਾ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਅਧੀਨ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਲਾਂਚ ਕੀਤਾ ਗਿਆ ਹੈ। ਇਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਬੰਧੀ ਕਾਰਜਕੁਸ਼ਲਤਾ ਦੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੌਸ਼ਲਾਂ ਨੂੰ ਨਿਪੁੰਨਤਾ ਦੇ ਪੱਧਰ ’ਤੇ ਵਿਕਸਿਤ ਕਰਨਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਵਿੱਚ ਟੈਕਨਾਲੋਜੀ ਦੇ ਖੇਤਰ ਵਿੱਚ ਨਵੇਂ-ਨਵੇਂ ਮਾਧਿਅਮਾਂ ਦਾ ਨਿਰਮਾਣ ਕਰਨ ਅਤੇ ਇਹਨਾਂ ਦੀ ਸਹੀ ਵਰਤੋਂ ਕਰਨ ਦੇ ਯੋਗ ਬਣਨ।

More from this section