ਰਾਸ਼ਟਰੀ ਪੱਧਰ ਦੇ ਤੈਰਾਕ ਪੈਦਾ ਕਰਨ ’ਚ ਮੋਹਰੀ ਭੂਮਿਕਾ ਨਿਭਾਅ ਰਿਹੈ ਹੁਸ਼ਿਆਰਪੁਰ ਦਾ ਸਵੀਮਿੰਗ ਪੂਲ : ਅਪਨੀਤ ਰਿਆਤ

ਫ਼ੈਕ੍ਟ ਸਮਾਚਾਰ ਸੇਵਾ ਹੁਸ਼ਿਆਰਪੁਰ, ਜੁਲਾਈ 4

ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਪਨੀਤ ਰਿਆਤ ਨੇ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਚ ਬਣੇ ਨਵੇਂ ਬੇਬੀ ਪੂਲ ਅਤੇ ਪੁਰਾਣੇ ਸਵੀਮਿੰਗ ਪੂਲ ਦਾ ਨਵੀਨੀਕਰਨ ਕਰਵਾ ਕੇ ਇਸ ਨੂੰ ਸ਼ਹਿਰ ਵਾਸੀਆਂ ਅਤੇ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਹੈ। ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਿਲਹਾਲ ਸਰਕਾਰ ਦੇ ਨਿਰਦੇਸ਼ਾਂ ’ਤੇ ਅਜੇ ਸਵੀਮਿੰਗ ਪੂਲ ਕੇਵਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸਰਕਾਰ ਵਲੋਂ ਛੋਟ ਦੇ ਆਦੇਸ਼ ਮਿਲਣਗੇ ਇਸ ਨੂੰ ਸ਼ਹਿਰ ਵਾਸੀਆਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਏ.ਡੀ.ਸੀ. ਲੁਧਿਆਣਾ ਅਮਿਤ ਕੁਮਾਰ ਪੰਚਾਲ, ਐਸ.ਪੀ. ਆਰ.ਪੀ.ਐਸ. ਸੰਧੂ, ਪੀ.ਸੀ.ਐਸ. ਅਧਿਕਾਰੀ ਅਮਿਤ ਮਹਾਜਨ, ਸਹਾਇਕ ਕਮਿਸ਼ਨਰ ਕਿਰਪਾਲਵੀਰ ਸਿੰਘ, ਡੀ.ਆਰ.ਓ. ਅਮਨਪਾਲ ਸਿੰਘ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਿਧੀਵੱਧ ਤੌਰ ’ਤੇ ਸ਼ਮ੍ਹਾ ਰੌਸ਼ਨ ਕਰਕੇ ਸਵੀਮਿੰਗ ਪੂਲ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਕਰਦੇ ਹੋਏ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਖਿਡਾਰੀਆਂ ਲਈ ਵਧੀਆ ਪੱਧਰ ਦਾ ਸਵੀਮਿੰਗ ਪੂਲ ਬਣਾਇਆ ਜਾਵੇ ਪਰੰਤੂ ਕੋਵਿਡ-19 ਦੇ ਚੱਲਦਿਆਂ ਇਸ ਕੰਮ ਵਿੱਚ ਕੁਝ ਦੇਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਵੀਮਿੰਗ ਪੂਲ ਨੂੰ ਸਟੇਟ ਅਤੇ ਨੈਸ਼ਨਲ ਖਿਡਾਰੀਆਂ ਦੇ ਹਿਸਾਬ ਨਾਲ ਬਣਾ ਦਿੱਤਾ ਗਿਆ ਹੈ ਤਾਂ ਜੋ ਉਹ ਚੰਗੇ ਤਰੀਕੇ ਨਾਲ ਪ੍ਰੈਕਟਿਸ ਕਰ ਸਕਣ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਸਵੀਮਿੰਗ ਪੂਲ ਨੇ ਕਈ ਸਟੇਟ ਅਤੇ ਨੈਸ਼ਨਲ ਖਿਡਾਰੀ ਦਿੱਤੇ ਹਨ ਅਤੇ ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਇਥੋਂ ਪ੍ਰੈਕਟਿਸ ਕਰਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤ ਕੇ ਆਉਣ।

ਸਵੀਮਿੰਗ ਪੂਲ ’ਚ ਖਿਡਾਰੀਆਂ ਦੀ ਪ੍ਰਤੀਯੋਗਤਾ ਸ਼ੁਰੂ ਕਰਵਾਉਂਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਅਪਨੀਤ ਰਿਆਤ ਨੇ ਕਿਹਾ ਕਿ ਜਿਥੇ ਸਵੀਮਿੰਗ ਪੂਲ ਤੈਰਾਕੀ ਦੀ ਨਰਸਰੀ ਸਾਬਤ ਹੋ ਰਿਹਾ ਹੈ, ਉਥੇ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਅਭਿਆਨ ਨੂੰ ਹੋਰ ਉਤਸ਼ਾਹਿਤ ਕਰਨ ਲਈ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਖਿਡਾਰੀਆਂ ਦਾ ਵਾਟਰ ਪੋਲੋ ਮੈਚ ਅਤੇ ਉਨ੍ਹਾਂ ਦੀ ਸਵੀਮਿੰਗ ਪ੍ਰਤੀਯੋਗਤਾ ਵੀ ਕਰਵਾਈ ਗਈ।

ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ’ਤੇ ਬੇਹਤਰੀਨ ਸੇਵਾਵਾਂ ਦੇਣ ਲਈ ਹੁਸ਼ਿਆਰਪੁਰ ਦੇ ਸਾਬਕਾ ਐਸ.ਡੀ.ਐਮ. ਅਮਿਤ ਮਹਾਜਨ, ਸਰਵਿਸਜ਼ ਕਲੱਬ ਦੇ ਮੈਂਬਰ ਸਕੱਤਰ ਰਮਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਇੰਜੀ: ਰਾਜ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਸਵੀਮਿੰਗ ਕੋਚ ਨਿਲੇਸ਼ ਠਾਕੁਰ, ਜਿੰਮ ਕੋਚ ਰਾਕੇਸ਼ ਸ਼ਰਮਾ, ਕਲੱਬ ਕੋਚ ਰਾਜਿੰਦਰ ਯਾਦਵ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

More from this section