ਪੰਜਾਬ

ਰਾਮਸਰਾ ਵਿਖੇ ਲੈਵਲ 2 ਕੋਵਿਡ ਕੇਅਰ ਸੈਂਟਰ ਬਣ ਕੇ ਤਿਆਰ

ਫ਼ੈਕ੍ਟ ਸਮਾਚਾਰ ਸੇਵਾ ਫਾਜ਼ਿਲਕਾ  ਮਈ 21
ਫਾਜ਼ਿਲਕਾ ਜ਼ਿਲੇ ਵਿਚ ਜਲਾਲਾਬਾਦ ਤੋਂ ਬਾਅਦ ਹੁਣ ਅਬੋਹਰ ਉਪਮੰਡਲ ਦੇ ਪਿੰਡ ਰਾਮਸਰਾ ਵਿਖੇ ਲੈਵਲ 2 ਕੋਵਿਡ ਕੇਅਰ ਸੈਂਟਰ ਬਣ ਕੇ ਤਿਆਰ ਹੋ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਐਸ.ਡੀ.ਐਮ. ਅਬੋਹਰ  ਸਾਗਰ ਸੇਤੀਆ ਆਈਏਐਸ ਨੇ ਦਿੱਤੀ ਹੈ। ਉਨਾਂ ਨੇ ਇਸ ਸਬੰਧੀ ਰਾਮਸਰਾ ਵਿਖੇ ਸਾਰੇ ਸਬੰਧਤ ਵਿਭਾਗਾਂ ਨਾਲ ਇਸ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਬੈਠਕ ਕਰਕੇ ਤਿਆਰੀਆਂ ਦਾ ਜਾਇਜਾ ਲਿਆ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇੱਥੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਸੈਂਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਟਾਫ ਨਾਲ ਡ੍ਰਾਈ ਰਨ ਵੀ ਕਰਕੇ ਵੇਖਿਆ ਗਿਆ ਹੈ। ਇੱਥੇ ਜੋ ਸਟਾਫ ਤਾਇਨਾਤ ਕੀਤਾ ਗਿਆ ਹੈ ਉਹ ਬਹਾਵਾਲਾ ਵਿਖੇ ਰਹੇਗਾ ਅਤੇ ਜੋ ਸਟਾਫ ਇਕ ਵਾਰ ਡਿਊਟੀ ਸ਼ੁਰੂ ਕਰੇਗਾ ਉਹ 7 ਦਿਨ ਲਈ ਇੱਥੈ ਹੀ ਰਹੇਗਾ ਅਤੇ ਫਿਰ ਬਾਅਦ ਵਿਚ ਆਪਣੀ ਛੁੱਟੀ ਕਰੇਗਾ ਤਾਂ ਜੋ ਸਟਾਫ ਦੇ ਪਰਿਵਾਰ ਮੈਂਬਰਾਂ ਦੀ ਸਿਹਤ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ। ਇੱਥੇ ਆਕਸੀਜਨ, ਦਵਾਈਆਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਇੱਥੇ ਮਰੀਜਾਂ ਅਤੇ ਸਟਾਫ ਦੇ ਖਾਣੇ ਦਾ ਪ੍ਰਬੰਧ ਵੀ ਸਥਾਨਕ ਪੱਧਰ ਤੇ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਇਸ ਹਸਪਤਾਲ ਵਿਚ ਲੈਵਲ 2 ਦੀ ਇਲਾਜ ਸਹੁਲਤ ਮਿਲੇਗੀ। ਇਸ ਹਸਪਤਾਲ ਦੇ ਇੰਚਾਰਜ ਡਾ: ਰਵੀ ਬਾਂਸਲ ਨੇ ਕਿਹਾ ਕਿ ਇਸ ਹਸਪਤਾਲ ਨੂੰ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ। ਅਬੋਹਰ ਦੇ ਐਸਐਮਓ ਡਾ: ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਅਬੋਹਰ ਬੱਲੂਆਣਾ ਖੇਤਰ ਦੇ ਲੋਕਾਂ ਨੂੰ ਸਹੁਲਤ ਹੋਵੇਗੀ। ਉਨਾਂ ਨੇ ਕਿਹਾ ਕਿ ਇੱਥੇ 14 ਆਕਸੀਜਨ ਕੰਸਨਟ੍ਰੇਟਰ ਵੀ ਉਪਲਬੱਧ ਕਰਵਾਏ ਗਏ ਹਨ। ਇਸ ਮੌਕੇ ਡੀਐਸਪੀ ਅਵਤਾਰ ਸਿੰਘ, ਤਹਿਸੀਲਦਾਰ ਜਸਪਾਲ ਸਿੰਘ ਬਰਾੜ, ਡਾ: ਤਿ੍ਰਲੋਚਣ ਸਿੰਘ ਵੀ ਹਾਜਰ ਸਨ।