ਪੰਜਾਬ

ਰਸਤੇ ’ਚ ਵਿਆਹ ਦੇਖ ਚੰਨੀ ਨੇ ਰੁਕਵਾਇਆ ਕਾਫ਼ਲਾ, ਲਾੜੀ ਨੂੰ ਦਿੱਤਾ ਸ਼ਗਨ

ਫ਼ੈਕ੍ਟ ਸਮਾਚਾਰ ਸੇਵਾ
ਬਠਿੰਡਾ ਸਤੰਬਰ 27

ਪੰਜਾਬ ਦੇ ਲੋਕਾਂ ਨੇ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਹੋਵੇਗਾ, ਜਿਸ ਨੇ ਇਕ ਗਰੀਬ ਦੇ ਘਰ ਰੋਟੀ ਖਾਧੀ ਅਤੇ ਇਸ ਮੌਕੇ ਕਿਸੇ ਤਰ੍ਹਾਂ ਦਾ ਵੀ. ਆਈ. ਪੀ. ਕਲਚਰ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਨਰਮੇ ’ਤੇ ਪਈ ਗੁਲਾਬੀ ਸੁੰਡੀ ਨੂੰ ਦੇਖਣ ਲਈ ਬੀਤੇ ਦਿਨੀਂ ਜਦੋਂ ਉਹ ਪਿੰਡ ਮੰਡੀ ਤੋਂ ਚਾਉਕੇ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਨਵ-ਵਿਆਹੁਤਾ ਜੋੜਾ ਆਉਂਦਾ ਦੇਖਿਆ। ਵਿਆਹ ਦੇ ਬੰਧਨ ’ਚ ਬੰਨ੍ਹੇ ਜੋੜੇ ਨੂੰ ਦੇਖ ਮੁੱਖ ਮੰਤਰੀ ਨੇ ਗੱਡੀ ਰੋਕੀ ਅਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਸਮੇਂ ਆਪਣੀ ਜੇਬ ’ਚੋਂ 1000 ਰੁਪਏ ਕੱਢ ਕੇ ਸ਼ਗਨ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਪਰਾਤ ’ਚ ਖੁਦ ਲੱਡੂ ਚੁੱਕ ਕੇ ਮੂੰਹ ਮਿੱਠਾ ਕੀਤਾ ਅਤੇ ਲਾੜੀ ਨੂੰ ਭੈਣ ਆਖ ਕੇ ਪੁਕਾਰਿਆ ਅਤੇ ਵਿਆਹ ਦੀ ਮੁਬਾਰਕਬਾਦ ਦਿੱਤੀ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਅੱਗੇ ਕੂਚ ਕਰ ਗਿਆ।

ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਬਨਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਭਾਰੀ ਭਰਕਮ ਸੁਰੱਖਿਆ ’ਚ ਵੱਡੀ ਕਟੌਤੀ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਚੰਨੀ ਨੇ ਸਾਰੇ ਅਧਿਕਾਰੀਆਂ ਨੂੰ ਸਮੇਂ ਸਿਰ ਦਫ਼ਤਰਾਂ ਵਿਚ ਆਉਣ ਦੇ ਵੀ ਹੁਕਮ ਦਿੱਤੇ ਸਨ।