ਹਰਿਆਣਾ

ਰਤੀਆ ’ਚ 661 ਏਕੜ ਜ਼ਮੀਨ ਮੀਂਹ ਦੇ ਪਾਣੀ ਕਾਰਨ ਨਸ਼ਟ , 12 ਮਕਾਨ ਡਿੱਗੇ

ਫ਼ੈਕ੍ਟ ਸਮਾਚਾਰ ਸੇਵਾ ਰਤੀਆ, ਅਗਸਤ 5

ਮੌਨਸੂਨ ਦੇ ਚੱਲਦਿਆਂ ਭਾਰੀ ਮੀਂਹ ਪੈਣ ਮਗਰੋਂ ਰਤੀਆ ਖੇਤਰ ਦੇ ਵੱਖ ਵੱਖ ਪਿੰਡਾਂ ਅੰਦਰ ਕਰੀਬ 661 ਏਕੜ ਜ਼ਮੀਨ ਜਲਥਲ ਹੋ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਮੀਂਹ ਕਾਰਨ ਚੜ੍ਹੀ ਸਲ੍ਹਾਬ ਮਗਰੋਂ 12 ਮਕਾਨ ਡਿੱਗਣ ਦੀ ਵੀ ਖਬਰ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਂਹ ਪੈਣ ਮਗਰੋਂ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕੁਝ ਦਿਨ ਪਹਿਲਾਂ ਸਰਕਲ ਪਟਵਾਰੀ ਤੇ ਹੋਰ ਅਧਿਕਾਰੀਆਂ ਨੂੰ ਸੱਦ ਕੇ ਆਦੇਸ਼ ਦਿੱਤੇ ਸਨ ਕਿ ਇਸ ਖੇਤਰ ਵਿੱਚ ਮੀਂਹ ਕਾਰਨ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈ ਕੇ ਛੇਤੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ। ਹੁਕਮ ਮਿਲਣ ਮਗਰੋਂ ਸਬੰਧਤ ਪਟਵਾਰੀਆਂ ਅਤੇ ਅਧਿਕਾਰੀਆਂ ਵੱਲੋਂ ਇਲਾਕੇ ਦਾ ਦੌਰਾ ਕਰਕੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਗਾਇਆ ਗਿਆ। ਅਧਿਕਾਰੀਆਂ ਵੱਲੋਂ ਇਸ ਮਗਰੋਂ ਤਿਆਰ ਕੀਤੀ ਗਈ ਰਿਪੋਰਟ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੀ ਗਈ। ਇਸ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਖੇਤਰ ਵਿੱਚ 150 ਏਕੜ ਇਲਾਕਾ ਮੀਂਹ ਦੇ ਪਾਣੀ ਦੀ ਮਾਰ ਹੇਠ ਆਇਆ ਹੈ ਅਤੇ ਇਸ ਦੇ ਨਾਲ ਹੀ 12 ਮਕਾਨਾਂ ਦੇ ਨੁਕਸਾਨ ਦਾ ਜ਼ਿਕਰ ਕਰ ਦਿੱਤਾ ਹੈ। ਇਸ ਪਾਣੀ ਦੇ ਵਹਾਅ ’ਚ ਪਿੰਡ ਖੂੰਨਣ ਦੀ 200 ਏਕੜ, ਪਿੰਡ ਮਾਣਕਪੂਰ ਦੀ 40 ਏਕੜ ਪਿੰਡ ਲਕਆ ਦੀ 50 ਏਕੜ ਪਿੰਡਬੀਰਾਂਬੰਦੀ ਦੀ 100 ਏਕੜ ਅਜੀਤ ਨਗਰ ਦੀ 70 ਏਕੜ ਅਤੇ ਪਿੰਡ ਨਕਟਾ ਦੀ 51 ਏਕੜ ਜ਼ਮੀਨ ਬਾਰਸ਼ ਦੇ ਪਾਣੀ ਨਾਲ ਜਲਥਲ ਹੋ ਗਈ। ਪ੍ਰਸ਼ਾਸਨ ਅਧਿਕਾਰੀਆਂ ਨੇ ਇਸ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਲੋਕਾਂ ਨੂੰ ਜਲਦ ਮੁਆਵਜ਼ਾ ਮਿਲੇਗਾ।