ਚੰਡੀਗੜ੍ਹ

ਯੂਪੀਐੱਸਸੀ ਪ੍ਰੀਖਿਆ ਵਿਚ ਚੰਡੀਗੜ੍ਹ ਦੀ ਅਕਸ਼ਿਤਾ ਦਾ 69ਵਾਂ ਰੈਂਕ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 25
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਵੱਲੋਂ ਅੱਜ ਸਿਵਲ ਸਰਵਿਸਿਜ਼ ਪ੍ਰੀਖਿਆ-2020 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਵਿਚ ਚੰਡੀਗੜ੍ਹ ਦੀ ਡਾ. ਅਕਸ਼ਿਤਾ ਗੁਪਤਾ ਨੇ 69ਵਾਂ ਰੈਂਕ ਹਾਸਲ ਕਰ ਕੇ ਪਹਿਲੇ 100 ਵਿੱਚ ਥਾਂ ਬਣਾਈ ਹੈ। 22 ਸਾਲਾ ਅਕਸ਼ਿਤਾ ਨੇ ਪਿਛਲੇ ਸਾਲ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਚੰਡੀਗੜ੍ਹ ਵਿੱਚੋਂ ਐੱਮਬੀਬੀਐੱਸ ਦੀ ਡਿਗਰੀ ਮੁਕੰਮਲ ਕੀਤੀ ਸੀ। ਉਹ ਇੰਟਰਨਸ਼ਿਪ ਸਮੇਂ ਦੇ ਬਾਅਦ ਤੋਂ ਹੀ ਇਸ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਅਕਸ਼ਿਤਾ ਨੇ ਦੱਸਿਆ ਕਿ ਉਹ ਜਦੋਂ ਆਈਏਐੱਸ ਅਧਿਕਾਰੀਆਂ ਨੂੰ ਕੰਮ ਕਰਦੇ ਦੇਖਦੀ ਸੀ ਤਾਂ ਕਾਫੀ ਪ੍ਰਭਾਵਿਤ ਹੁੰਦੀ ਸੀ ਤੇ ਉਹ ਉਨ੍ਹਾਂ ਵਾਂਗ ਹੀ ਕੰਮ ਕਰਨ ਦੇ ਸੁਫ਼ਨੇ ਵੀ ਲੈਂਦੀ ਸੀ। ਉਸ ਨੇ ਦ੍ਰਿੜ੍ਹ ਇਰਾਦੇ ਨਾਲ ਪ੍ਰੀਖਿਆ ਦਿੱਤੀ ਅਤੇ ਪਹਿਲੀ ਵਾਰ ਵਿੱਚ ਹੀ ਇਹ ਪ੍ਰੀਖਿਆ ਪਾਸ ਕਰ ਕੇ ਵੱਡਾ ਮਾਅਰਕਾ ਮਾਰਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਸਿਰਫ ਸਿਲੇਬਸ ਕਵਰ ਕਰਨ ਵੱਲ ਹੀ ਧਿਆਨ ਦਿੰਦੀ ਸੀ ਪਰ ਬਾਅਦ ਵਿਚ ਉਸ ਨੇ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹ ਕੇ ਤਿਆਰੀ ਆਰੰਭ ਦਿੱਤੀ ਸੀ। ਟਰਾਈਸਿਟੀ ਵਿੱਚੋਂ ਇਕ ਹੋਰ ਉਮੀਦਵਾਰ ਡਾ. ਰਾਕੇਸ਼ ਕੁਮਾਰ ਧਵਨ ਨੇ ਵੀ ਇਸ ਪ੍ਰੀਖਿਆ ਵਿਚ 102ਵਾਂ ਰੈਂਕ ਹਾਸਲ ਕੀਤਾ ਹੈ। ਉਹ ਵੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਤੋਂ ਡਿਗਰੀ ਕਰ ਚੁੱਕਾ ਹੈ। ਰਾਕੇਸ਼ ਕੁਮਾਰ ਨੇ ਪੰਜਵੀਂ ਵਾਰ ਵਿਚ ਇਹ ਪ੍ਰੀਖਿਆ ਪਾਸ ਕੀਤੀ ਹੈ।