ਵਿਦੇਸ਼

ਯੂਕੇ ਵਿਚ ਕੋਰੋਨਾ ਵੈਕਸੀਨ ਪ੍ਰਾਪਤ ਵਿਦਿਆਰਥੀਆਂ ਲਈ ਕੀਤੀ ਜਾ ਰਹੀ ਹੈ ਨਕਦ ਇਨਾਮਾ ਦੀ ਪੇਸ਼ਕਸ਼

ਫ਼ੈਕ੍ਟ ਸਮਾਚਾਰ ਸੇਵਾ
ਲੰਡਨ ਅਗਸਤ 07
ਯੂਕੇ ਵਿਚ ਕੋਰੋਨਾ ਵੈਕਸੀਨ ਲਗਵਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਅਕ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਇਸ ਸਬੰਧੀ ਇਕ ਬਰਤਾਨਵੀ ਯੂਨੀਵਰਸਿਟੀ ਕੋਰੋਨਾ ਵੈਕਸੀਨ ਪ੍ਰਾਪਤ ਵਿਦਿਆਰਥੀਆਂ ਲਈ ਨਕਦ ਇਨਾਮਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿਚ 5000 ਪੌਂਡ ਦੀ ਰਾਸ਼ੀ ਦੇ 5 ਇਨਾਮ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਯੂਕੇ ਵਿਚ ਯੂਨੀਵਰਸਿਟੀ ਆਫ ਸੁਸੇਕਸ ਵੱਲੋਂ ਨੌਜਵਾਨਾਂ ਵਿਚ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਵਿਚ ਸ਼ਾਮਲ ਕੀਤੇ ਜਾ ਰਹੇ ਵਿਦਿਆਰਥੀਆਂ ਵਿਚੋਂ 5 ਜੇਤੂ ਪੂਰੀ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸੂਰਤ ਵਿਚ ਹਰੇਕ ਲਈ 5,000 ਪੌਂਡ ਦੇ ਇਨਾਮ ਦਾ ਦਾਅਵਾ ਕਰ ਸਕਦੇ ਹਨ। ਸੁਸੇਕਸ ਦੇ ਵਾਈਸ-ਚਾਂਸਲਰ ਪ੍ਰੋਫੈਸਰ ਐਡਮ ਟਿਕਲ ਅਨੁਸਾਰ ਵਿਦਿਆਰਥੀਆਂ ਵਿਚ ਵੈਕਸੀਨ ਦੀ ਦਰ ਵਧਾਉਣ ਲਈ ਇਨਾਮ ਮਹੱਤਵਪੂਰਨ ਹੋ ਸਕਦੇ ਹਨ। ਯੂਨੀਵਰਸਿਟੀ ਦੀ ਸਕੀਮ ਵਿਦਿਆਰਥੀਆਂ ਨੂੰ ਦੋਵਾਂ ਖੁਰਾਕਾਂ ਲਈ ਉਤਸ਼ਾਹਤ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਇਨਾਮਾਂ ਦਾ ਡਰਾਅ ਨਵੰਬਰ ਦੇ ਅਖ਼ੀਰ ਵਿਚ ਹੋਵੇਗਾ। ਜਿਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪਹੁੰਚਣ ‘ਤੇ ਪਹਿਲੀ ਖੁਰਾਕ ਦਿੱਤੀ ਗਈ ਹੈ, ਉਹਨਾਂ ਨੂੰ ਵੀ ਜਿੱਤਣ ਦਾ ਮੌਕਾ ਦਿੱਤਾ ਜਾਵੇਗਾ। ਯੂਨੀਵਰਸਿਟੀ ਅਨੁਸਾਰ ਜੇਤੂਆਂ ਨੂੰ ਰੈਂਡਮ ਤਰੀਕੇ ਨਾਲ ਚੁਣਿਆ ਜਾਵੇਗਾ ਅਤੇ ਉਹ ਕੋਰੋਨਾ ਵਾਇਰਸ ਟੀਕੇ ਦੀਆਂ ਦੋਵੇਂ ਖੁਰਾਕਾਂ ਜਾਂ ਡਾਕਟਰੀ ਛੋਟ ਦੇ ਸਬੂਤ ਪੇਸ਼ ਕਰਕੇ ਆਪਣੇ ਇਨਾਮ ਦਾ ਦਾਅਵਾ ਕਰ ਸਕਦੇ ਹਨ।