ਪੰਜਾਬ

ਮਜ਼ਦੂਰਾਂ ਦਾ 22 ਕਰੋੜ 27 ਲੱਖ ਤੋਂ ਵੱਧ ਦਾ ਸਹਿਕਾਰੀ ਸਭਾਵਾਂ ਦਾ ਕਰਜ਼ਾ ਮੁਆਫ਼ ਹੋਇਆ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਅਕਤੂਬਰ 18

ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਉਪਰੰਤ ਬੇਜ਼ਮੀਨੇ ਖੇਤ ਮਜ਼ਦੂਰਾਂ ਦੇ ਸਹਿਕਾਰੀ ਸਭਾਵਾਂ ਤੋਂ ਲਏ ਕਰਜ਼ੇ ਮਾਫ਼ ਕਰਨਾ ਵੱਡਾ ਤੇ ਗ਼ਰੀਬ ਵਰਗ  ਨੂੰ ਰਾਹਤ ਦੇਣ ਵਾਲਾ ਫ਼ੈਸਲਾ ਹੈ। ਜਿਸ ਦਾ ਲਾਭ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ 5893 ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਮਿਲੇਗਾ। ਇਹ ਪ੍ਰਗਟਾਵਾ ਵਿਧਾਇਕ ਸ. ਕੁਸ਼ਲਦੀਪ  ਸਿੰਘ ਢਿੱਲੋਂ ਨੇ ਪਿੰਡ ਪਿੱਪਲੀ, ਮੱਲੇਵਾਲਾ, ਹਸਨ ਭੱਟੀ ਤੇ ਕਾਬਲ ਵਾਲਾ ਆਦਿ ਵਿਖੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ  ।

ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਤੇ ਗ਼ਰੀਬ ਵਰਗ ਲਈ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਨ, ਪਾਣੀ ਦੇ ਬਿੱਲ ਮਾਫ ਕਰਨੇ ਅਤੇ ਲਾਲ ਡੋਰੇ ਅੰਦਰ ਆਉਣ ਵਾਲੇ ਲੋਕਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਜ਼ਮੀਨ ਦੇ ਮਾਲਕੀ ਹੱਕ ਦੇਣ ਇਤਿਹਾਸਿਕ ਫ਼ੈਸਲੇ ਹਨ। ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ  5893 ਗ਼ਰੀਬ ਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ 22 ਕਰੋੜ 27  ਲੱਖ ਤੋਂ ਜ਼ਿਆਦਾ ਸਹਿਕਾਰੀ ਸਭਾਵਾਂ ਦੇ ਕਰਜ਼ੇ ਮੁਆਫ ਕਰ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਅੱਜ ਇਸ ਸਕੀਮ ਤਹਿਤ ਹੀ ਪਿੰਡ  ਪਿੱਪਲੀ ਦੇ 182, ਮੱਲੇਵਾਲਾ ਦੇ 11, ਹਸਨ ਪੱਟੀ ਦੇ 105 ਤੇ ਕਾਬਲਵਾਲਾ ਦੇ 62 ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦੇ ਚੈੱਕ ਅੱਜ ਤਕਸੀਮ ਕੀਤੇ ਗਏ ਹਨ । ਉਨ੍ਹਾਂ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਕੀਮ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਚਾਹੀਦਾ ਹੈ।

ਇਸ ਮੌਕੇ ਕੁਲਦੀਪ ਸਿੰਘ ਡੀ.ਆਰ, ਸੁਖਜੀਤ ਸਿੰਘ ਬਰਾੜ ਏ.ਆਰ,ਲਖਵਿੰਦਰ ਸਿੰਘ ਡੀ.ਐਮ ਮੋਗਾ, ਕਾਂਗਰਸੀ ਆਗੂ ਨਵਦੀਪ ਸਿੰਘ ਬੱਬੂ ਬਰਾੜ, ਰਣਜੀਤ ਸਿੰਘ ਭੋਲੂਵਾਲਾ , ਗਿੰਦਰਜੀਤ ਸਿੰਘ ਸੇਖੋਂ ਚੇਅਰਮੈਨ, ਜਗਜੀਵਨ ਸਿੰਘ ਹਰਦਿਆਲੇਆਣਾ, ਮਹਿੰਦਰਜੀਤ ਸਿੰਘ ਸਰਪੰਚ ਪਿਪਲੀ, ਇਕਬਾਲ ਸਿੰਘ ਸਰਪੰਚ ਨਵੀਂ ਪਿਪਲੀ ਅਤੇ ਕਰਮਜੀਤ ਟਹਿਣਾ ਹਾਜ਼ਰ ਸਨ।