ਪੰਜਾਬ

ਮੈਂਬਰ ਲੋਕ ਸਭਾ ਨੇ ਐਮ.ਪੀ ਲੈਡ ਫੰਡ ‘ਚੋਂ ਕਰੀਬ 1.43 ਕਰੋੜ ਦੀ ਰਾਸ਼ੀ ਕੀਤੀ ਪ੍ਰਵਾਨ

ਫ਼ੈਕ੍ਟ ਸਮਾਚਾਰ ਸੇਵਾ
ਮਾਨਸਾ,  ਜੂਨ 1
ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਨੇੜ ਭਵਿੱਖ ਵਿਚ ਆਕਸੀਜਨ ਦੀ ਵਧੇਰੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਪੀ.ਐਸ.ਏ ਆਕਸੀਜਨ ਪਲਾਂਟ ਸਥਾਪਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਮੈਂਬਰ ਲੋਕ ਸਭਾ ਬਠਿੰਡਾ ਹਰਸਿਮਰਤ ਕੌਰ ਬਾਦਲ
ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੌਕੇ ਮੈਂਬਰ ਲੋਕ ਸਭਾ ਨੇ ਐਮ.ਪੀ ਲੈਡਜ ਫੰਡ ਵਿੱਚੋਂ ਕਰੀਬ 1.43 ਕਰੋੜ ਰੁਪਏ ਦੀ ਰਾਸ਼ੀ ਇਸ ਆਕਸੀਜਨ ਪਲਾਂਟ ਨੂੰ ਸਥਾਪਿਤ
ਕਰਨ ਲਈ ਪ੍ਰਵਾਨ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਪ੍ਰਵਾਨਗੀ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿਚ ਆਕਸੀਜਨ ਦਾ ਉਤਪਾਦਨ ਹੋਵੇਗਾ ਅਤੇ ਤਰਜੀਹੀ ਆਧਾਰ ਉੱਤੇ ਇਸ ਦੀ ਪ੍ਰਕਿਰਿਆ ਆਰੰਭ ਕਰਾਉਣ ਲਈ ਆਖਿਆ ਗਿਆ ਹੈ । ਇਸ ਮੌਕੇ ਡਿਪਟੀ ਕਮਿਸ਼ਨਰ
ਮਹਿੰਦਰ ਪਾਲ ਨੇ ਮੈਂਬਰ ਲੋਕ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਿਵਲ ਹਸਪਤਾਲ ਸਮੇਤ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਪਾਜ਼ਿਟਿਵ ਵਿਅਕਤੀਆਂ ਦੇ ਇਲਾਜ ਲਈ ਵੱਡੀ ਗਿਣਤੀ ਵਿੱਚ ਬਿਸਤਰਿਆਂ ਅਤੇ ਆਕਸੀਜਨ
ਸਿਲੰਡਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਇਸ ਆਕਸੀਜਨ ਪਲਾਂਟ ਦੇ ਸਥਾਪਤ ਹੋਣ ਨਾਲ ਭਵਿੱਖ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਰਾਹੀਂ 500 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਨਾਲ ਆਕਸੀਜਨ ਦਾ ਉਤਪਾਦਨ
ਹੋਵੇਗਾ ਅਤੇ ਲੋੜ ਪੈਣ ਉੱਤੇ ਸਿਲੰਡਰ ਭਰ ਕੇ ਜ਼ਿਲ੍ਹੇ ਦੀਆਂ ਹੋਰ ਸਬ ਡਵੀਜ਼ਨਾਂ ਦੇ ਹਸਪਤਾਲਾਂ ਵਿੱਚ ਵੀ ਭੇਜੇ ਜਾ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲਾਂਟ ਸਥਾਪਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ
ਗਿਆ ਹੈ ਜੋ ਕਿ ਸਮੁੱਚੇ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਲਈ ਕਾਰਜਸ਼ੀਲ ਰਹੇਗੀ।ਇਸ ਮੌਕੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ, ਸਿਵਲ ਸਰਜਨ ਡਾ ਸੁਖਵਿੰਦਰ ਸਿੰਘ, ਉਪ
ਅਰਥ ਅਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ ਸਿੱਧੂ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।