ਚੰਡੀਗੜ੍ਹ

ਮੇਅਰ ਵੱਲੋਂ ਨਗਰ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਹੱਲਾਸ਼ੇਰੀ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਜੂਨ 3
ਚੰਡੀਗੜ੍ਹ ਦੇ ਮੇਅਰ ਵੱਲੋਂ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਸਫਾਈ ਮੁਹਿੰਮ ਨੂੰ ਲੈ ਕੇ ਸਿਆਸਤ ਜਾਰੀ ਹੈ। ਜਿਥੇ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਲੈ ਕੇ ਮੇਅਰ ਰਵੀ ਕਾਂਤ ਸ਼ਰਮਾ ਸਮੇਤ ਨਿਗਮ ਕੌਂਸਲਰਾਂ ਵਲੋਂ 20 ਜੂਨ ਤੱਕ ਜਾਰੀ ਰਹਿਣ ਵਾਲੀ ਸਫਾਈ ਮੁਹਿੰਮ ਵਿੱਚ ਰੋਜ਼ਾਨਾ ਸ਼ਮੂਲੀਅਤ ਕਰਕੇ ਇਸ ਮੁਹਿੰਮ ਲਈ ਹੋਕਾ ਦਿੱਤਾ ਜਾ ਰਿਹਾ ਹੈ, ਉਥੇ ਚੰਡੀਗੜ੍ਹ ਕਾਂਗਰਸ ਵੱਲੋਂ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਸਿਆਸਤ ਕਰਾਰ ਦੇ ਕੇ ‘ਪੋਲ ਖੋਲ੍ਹ’ ਮੁਹਿੰਮ ਚਲਾਈ ਜਾ ਰਹੀ ਹੈ। ਨਿਗਮ ਦੀ ਇੱਕ ਮਹੀਨਾ ਚੱਲਣ ਵਾਲੀ ਸਫਾਈ ਮੁਹਿੰਮ ਨੂੰ ਲੈ ਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਅੱਜ ਇਥੇ ਸੈਕਟਰ-23 ਵਿੱਚ ਸਫ਼ਾਈ ਮੁਹਿੰਮ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਇਲਾਕਾ ਕੌਂਸਲਰ ਸੁਨੀਤਾ ਧਵਨ ਵੀ ਹਾਜ਼ਰ ਰਹੇ। ਦੂਜੇ ਪਾਸੇ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਲੈ ਕੇ ਸ਼ਹਿਰ ਵਿੱਚ ਮਾੜੇ ਸਫ਼ਾਈ ਪ੍ਰਬੰਧਾਂ ਵਿਰੁੱਧ ਸ਼ੁਰੂ ਕੀਤੀ ਪੋਲ ਖੋਲ੍ਹ ਮੁਹਿੰਮ ਤਹਿਤ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਨੇ ਸਾਬਕਾ ਮੇਅਰ ਤੇ ਨਿਗਮ ਕੌਂਸਲਰ ਅਰੁਣ ਸੂਦ ਦੇ ਵਾਰਡ ਨੰਬਰ 8 ਦਾ ਦੌਰਾ ਕਰਕੇ ਇਲਾਕੇ ਦੀ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹੀ। ਸ਼੍ਰੀਮਤੀ ਦੀਪਾ ਨੇ ਟੀਮ ਸਣੇ ਵਾਰਡ ਨੰ. 8 ਅਧੀਨ ਅਉਂਦੇ ਸੈਕਟਰ 37 ਤੇ 38 ਦੇ ਅੱਜ ਕੀਤੇ ਦੌਰੇ ਦੌਰਾਨ ਦੱਸਿਆ ਕਿ ਇਲਾਕੇ ਦੀਆਂ ਰੋਡ ਗਲੀਆਂ ਬੰਦ ਪਈਆਂ ਹਨ, ਸੜਕਾਂ ਦਾ ਮਾੜਾ ਹਾਲ ਹੈ,ਕਈਂ ਥਾਵਾਂ ’ਤੇ ਪਾਣੀ ਭਰਿਆ ਹੈ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਪੇਵਰ ਬਲਾਕ ਟੁੱਟ ਚੁੱਕੇ ਹਨ, ਪਾਣੀ ਵਿੱਚ ਮੱਛਰ ਤੈਰ ਰਹੇ ਹਨ। ਸੈਕਟਰਾਂ ਦੀਆਂ ਸੜਕਾਂ ਦੇ ਕੰਢੇ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਾਈਕਲ ਟਰੈਕਾਂ ਦਾ ਮਾੜਾ ਹਾਲ ਹੈ। ਦੀਪਾ ਦੂਬੇ ਨੇ ਕਿਹਾ ਕਿ ਸ਼ਹਿਰ ਨੂੰ ਦੇਸ਼ ਭਰ ’ਚ ਸਫਾਈ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਲਿਆਉਣ ਦਾ ਦਾਅਵਾ ਕਰਨ ਵਾਲੀ ਚੰਡੀਗੜ੍ਹ ਨਗਰ ਨਿਗਮ ਜਿਥੇ ਹਰ ਪਾਸੇ ਤੋਂ ਅਸਫਲ ਸਿੱਧ ਹੋ ਰਹੀ ਹੈ ਉਥੇ ਸਫਾਈ ਦੇ ਮਾਮਲੇ ਵਿੱਚ ਨਿਗਮ ਅਧਿਕਾਰੀਆਂ ਤੇ ਭਾਜਪਾ ਕੌਂਸਲਰਾਂ ਕੋਲ ਸ਼ਹਿਰ ਦੀ ਸਾਰ ਲੈਣ ਦਾ ਕੋਈ ਟਾਈਮ ਨਹੀਂ। ਉਨ੍ਹਾਂ ਅਫਸੋਸ ਕੀਤਾ ਕਿ ਵਾਰਡ ਨੰਬਰ 8 ਦੇ ਕੌਂਸਲਰ ਅਰੁਣ ਸੂਦ ਨੇ ਲੰਘੇ ਦਿਨ ਨਗਰ ਨਿਗਮ ਹਾਊਸ ਮੀਟਿੰਗ ਦੌਰਾਨ ਅੱਧੇ ਸ਼ਹਿਰ ਦੀ ਸਫ਼ਾਈ ਵਿਵਸਥਾ ਸੰਭਾਲਣ ਵਾਲੀ ਨਿਜੀ ਕੰਪਨੀ ਲਾਇਨਜ ਕੰਪਨੀ ਦੇ ਹੱਕ ਵਿੱਚ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੇ ਵਾਰਡ ਵਿੱਚ ਸਫਾਈ ਪ੍ਰਬੰਧ ਵਧੀਆ ਹੈ।