ਮੁੰਬਈ ਦੇ ਮਲਾਡ ’ਚ ਚਾਰ ਮੰਜਲਾ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ, 7 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੂਨ 10
ਮੁੰਬਈ ਦੇ ਮਲਾਡ ਵੈਸਟ ਦੇ ਨਿਊ ਕਲੇਕਟਰ ਕੰਪਾਉਂਡ ਵਿਚ ਇਕ ਚਾਰ ਮੰਜ਼ਲਾ ਇਮਾਰਤ ਦੇ ਡਿਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਤੋਂ ਇਲਾਵਾ 18 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬੀਐਮਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੀਐਮਸੀ ਮੁਤਾਬਕ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ, ਕਿਉਂਕਿ ਇਨ੍ਹਾਂ ਦੇ ਹਾਲਾਤ ਖਰਾਬ ਹਨ। ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਬੀਡੀਬੀਏ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮਲਾਡ ਪੱਛਮੀ ਦੇ ਐਡੀਸ਼ਨਲ ਸੀਪੀ ਦਿਲੀਪ ਸਾਵੰਤ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ। ਇਹ ਇਕ ਜੀ+2 ਇਮਾਰਤ ਸੀ, ਜੋ ਦੂਜੀ ਇਮਾਰਤ ’ਤੇ ਜਾ ਡਿੱਗੀ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਦੇ ਡੀਸੀਪੀ ਜ਼ੋਨ 11 ਵਿਸ਼ਾਲ ਠਾਕੁਰ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਣੇ ਬਚਾਏ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮਲਬੇ ਹੇਠ ਹੋਰ ਲੋਕਾਂ ਦੇ ਦਬੇ ਹੋਣ ਦੀ ਅੰਸ਼ਕਾ ਹੈ। ਲੋਕਾਂ ਨੂੰ ਬਚਾਉਣ ਲਈ ਟੀਮਾਂ ਮੌਕੇ ’ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹਨ।

More from this section