ਮੁਹੰਮਦ ਗੁਲਾਬ ਵੱਲੋਂ ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ

 
ਫ਼ੈਕ੍ਟ ਸੇਵਾ ਸਰਵਿਸ
ਲੁਧਿਆਣਾ, ਮਈ 22
ਪੰਜਾਬ ਪੱਛੜੇ ਵਰਗ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਨੇ ਅੱਜ ਸ਼ਹਿਰ ਦੇ ਵਾਰਡ ਨੰ 30 ਅਧੀਨ ਮਾਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਸੂਆ ਰੋਡ, ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਣ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੈਕਸੀਨੇਸ਼ਨ ਵਸਨੀਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਕਵਚ ਪ੍ਰਦਾਨ ਕਰੇਗੀ ਅਤੇ ਜੇਕਰ ਕੰਮਕਾਜ ਦੌਰਾਨ ਆਪਸੀ ਤਾਲਮੇਲ ਵੇਲੇ ਲਾਗ ਲੱਗ ਵੀ ਜਾਂਦੀ ਹੈ ਤਾਂ ਬਿਮਾਰੀ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਮੋਟਰ ਸਾਈਕਲ ਸਵਾਰ ਨੂੰ ਹੈਲਮੈਟ ਸਿਰ ਦੀ ਸੱਟ ਤੋਂ ਬਚਾਉਂਦਾ ਹੈ, ਜੋ ਕਿ ਦੁਰਘਟਨਾਵਾਂ ਵਿੱਚ ਸਿਰ ਦੀ ਸੱਟ ਨੂੰ ਮੌਤ ਦਾ ਮੁੱਖ ਕਾਰਨ ਮੰਨਿਆਂ ਜਾਂਦਾ ਹੈ, ਇਸੇ ਤਰ੍ਹਾਂ ਟੀਕਾ ਬਿਮਾਰੀ ਦੀ ਗੰਭੀਰਤਾ ਤੋਂ ਬਚਾਉਂਦਾ ਹੈ, ਇਸ ਲਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਮੁਹੰਮਦ ਗੁਲਾਬ ਨੇ ਪ੍ਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਆਪਣੇ ਆਪ ਨੂੰ ਟੀਕਾ ਲਗਵਾਉਣ ਤਾਂ ਜੋ ਅਸੀਂ ਇਸ ਮਾਰੂ ਵਾਇਰਸ ਨੂੰ ਜਲਦ ਹੀ ਖਤਮ ਕਰ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਮੁਲਕਾਂ ਨੇ ਲੋਕਾਂ ਨੇ ਪੂਰੇ ਦਿਲ ਨਾਲ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ ਉਨ੍ਹਾਂ ਦੇਸ਼ਾਂ ਨੇ ਇਸ ਬਿਮਾਰੀ ‘ਤੇ ਫਤਿਹ ਹਾਸਲ ਕੀਤੀ ਹੈ ਅਤੇ ਲੁਧਿਆਣਾ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਟੀਕੇ ਨੂੰ ਹਥਿਆਰ ਵਜੋਂ ਅਪਣਾਉਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮਹਾਂਮਾਰੀ ਦੀ ਜਲਦ ਤੋਂ ਜਲਦ ਰੋਕਥਾਮ ਕਰਨ ਲਈ ਨੇੜਲੀਆਂ ਸਰਕਾਰੀ/ਨਿੱਜੀ ਸਿਹਤ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਟੀਕਾ ਪ੍ਰਾਪਤ ਕਰਕੇ ਮਹਾਂਮਾਰੀ ਨੂੰ ਰੋਕਣ ਵਿੱਚ ਸਹਿਯੋਗ ਕਰਨ। ਇਸ ਮੌਕੇ ਵਿਸ਼ਾਲਦੀਪ ਸੂਦ, ਅਮਿਤ ਸੂਦ, ਪਰਮੋਦ ਚੋਬੇ, ਡਾ ਹੀਰਾ ਲਾਲ, ਡਾ ਮਨੀਸ਼ ਮਿਸ਼ਰਾ, ਸੰਨੀ ਸਾਥੀ, ਟੋਨੀ ਚੋਬੇ, ਪਰਮੋਦ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

More from this section