ਚੰਡੀਗੜ੍ਹ

ਮੀਂਹ ਨਾਲ ‘ਸਿਟੀ ਬਿਊਟੀਫੁੱਲ’ ਦਾ ਮੌਸਮ ਹੋਇਆ ਖੁਸ਼ਗਵਾਰ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਜੁਲਾਈ 12
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸਵੇਰੇ ਪਏ ਮੀਂਹ ਕਾਰਨ ਦਿਨ ਭਰ ਮੌਸਮ ਖੁਸ਼ਗਵਾਰ ਰਿਹਾ ਤੇ ਸ਼ਹਿਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਸੁਖਨਾ ਝੀਲ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਕੁਝ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ’ਤੇ ਪੁਲੀਸ ਨੇ ਸਖ਼ਤੀ ਨਾਲ ਕਾਰਵਾਈ ਕੀਤੀ। ਮੀਂਹ ਤੋਂ ਬਾਅਦ ਸ਼ਹਿਰ ਵਿੱਚ ਸਾਰਾ ਦਿਨ ਬੱਦਲਵਾਈ ਰਹੀ ਅਤੇ ਠੰਢੀਆਂ ਹਵਾਵਾਂ ਚੱਲੀਆਂ। ਇਸ ਕਾਰਨ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਲੋਕ ਸੁਖਨਾ ਝੀਲ ’ਤੇ ਪਹੁੰਚੇ। ਸੁਖਨਾ ਝੀਲ ’ਤੇ ਸਵੇਰੇ ਸੈਰ ਕਰਨ ਵਾਲਿਆਂ ਦੀ ਅਤੇ ਦਿਨ ਵਿੱਚ ਸੈਲਾਨੀਆਂ ਦੀ ਭਾਰੀ ਭੀੜ ਲੱਗੀ ਰਹੀ। ਇਸ ਮੌਕੇ ਜ਼ਿਆਦਾਤਰ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਉਹ ਲੋਕਾਂ ਨੂੰ ਮਾਸਕ ਪਾਉਣ ਲਈ ਜਾਗਰੂਕ ਕਰ ਰਹੇ ਸਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਦੇ ਆਦੇਸ਼ਾਂ ’ਤੇ ਪੁਲੀਸ ਵੱਲੋਂ ਸੁਖਨਾ ਝੀਲ ’ਤੇ ਨਿਯਮਾਂ ਦੀ ਪਾਲਣਾ ਲਈ ਗਸ਼ਤ ਕੀਤੀ ਗਈ। ਇਸ ਦੌਰਾਨ ਚਾਰ ਥਾਵਾਂ ’ਤੇ ਦੁਪਹਿਰ ਤੱਕ ਪੁਲੀਸ ਨੇ 50 ਦੇ ਕਰੀਬ ਚਲਾਨ ਕੀਤੇ। ਸ਼ਹਿਰ ਦੇ ਸੈਕਟਰ-22 ਸਥਿਤ ਮੋਬਾਈਲ ਮਾਰਕੀਟ ਵਿੱਚ ਵੀ ਦਿਨ ਭਰ ਨੌਜਵਾਨਾਂ ਦੀ ਭੀੜ ਲੱਗੀ ਰਹੀ। ਇਹੋ ਹਾਲ ਸੈਕਟਰ-15, 16 ਦੀ ਮਾਰਕੀਟ ਵਿੱਚ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਛੋਟੀਆਂ ਮਾਰਕੀਟਾਂ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਕਰਕੇ ਯੂਟੀ ਪ੍ਰਸ਼ਾਸਨ ਨੇ ਸਖ਼ਤੀ ਘਟਾ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਸ਼ਹਿਰ ਵਿੱਚ ਕਰੋਨਾ ਦੇ ਕੇਸ ਵਧੇ ਤਾਂ ਮੁੜ ਸਖ਼ਤੀ ਵਧਾ ਦਿੱਤੀ ਜਾਵੇਗੀ। ਉਧਰ, ਮੌਸਮ ਵਿਭਾਗ ਅਨੁਸਾਰ ਸਵੇਰੇ ਅੱਧਾ ਘੰਟਾ ਕਿਣ-ਮਿਣ ਹੋਈ, ਜਿਸ ਕਰਕੇ ਦਿਨ ਭਰ ਸ਼ਹਿਰ ਦਾ ਤਾਪਮਾਨ ਪਹਿਲਾਂ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 15 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੇ ਆਸਾਰ ਹਨ।